ਜ਼ੀਰਕਪੁਰ, 23 ਦਸੰਬਰ (ਮਨਿੰਦਰ ਸਿੰਘ)-ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਜ਼ੀਰਕਪੁਰ ਨਗਰ ਕੌਂਸਲ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ 'ਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਵਧੇ ਹੋਏ ਈ. ਡੀ. ਸੀ. ਤੇ ਪ੍ਰਾਪਰਟੀ ਟੈਕਸ ਨੂੰ ਵਾਪਸ ਨਹੀਂ ਲੈਂਦੀ ਤਾਂ ਅਕਾਲੀ ਦਲ ਇਥੋਂ ਦੇ ਲੋਕਾਂ ਨਾਲ ਮਿਲ ਕੇ ਵਿਰੋਧ ਪ੍ਰਦਰਸ਼ਨ ਕਰੇਗਾ | ਸਾਬਕਾ ਵਿਧਾਇਕ ਸੋਮਵਾਰ ਨੂੰ ਅਕਾਲੀ ਦਲ ਦੇ ਕੌਂਸਲਰਾਂ ਤੇ ਵਰਕਰਾਂ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨਾਲ ਮੁਲਾਕਾਤ ਕਰਨ ਪਹੁੰਚੇ ਸਨ | ਈ. ਓ. ਨਾਲ ਮੀਟਿੰਗ ਤੋਂ ਬਾਅਦ ਸ਼ਰਮਾ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਤੋਂ ਜ਼ੀਰਕਪੁਰ ਨੂੰ ਸਿਰਫ਼ ਲੁੱਟਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸ਼ਹਿਰ ਵਾਸੀਆਂ 'ਤੇ ਵੱਡਾ ਹਮਲਾ ਕਰਦੇ ਹੋਏ ਰਿਹਾਇਸ਼ੀ ਖੇਤਰਾਂ 'ਚ ਈ. ਡੀ. ਸੀ. ਵਧਾ ਕੇ 2,200 ਰੁ. ਤੇ ਵਪਾਰਕ ਖੇਤਰਾਂ 'ਚ 10 ਹਜ਼ਾਰ ਰੁ. ਕਰ ਦਿੱਤਾ ਹੈ | ਅਕਾਲੀ ਦਲ ਦੀ ਸਰਕਾਰ ਦੌਰਾਨ ਇਹ ਰਕਮ 500 ਰੁ. ਸੀ | ਇਸੇ ਤਰ੍ਹਾਂ ਅੱਜ ਪ੍ਰਾਪਰਟੀ ਟੈਕਸ 9 ਰੁ. ਤੋਂ ਵਧਾ ਕੇ 10 ਰੁ. ਪ੍ਰਤੀ ਵਰਗ ਫੁੱਟ ਕਰ ਦਿੱਤਾ ਗਿਆ ਹੈ, ਜਿਸ ਕਾਰਨ ਜ਼ੀਰਕਪੁਰ ਦੇ ਲੱਖਾਂ ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਅੱਜ ਜ਼ੀਰਕਪੁਰ ਨਗਰ ਕੌਂਸਲ ਦੇ ਫੰਡ ਦੂਜੀਆਂ ਕੌਂਸਲਾਂ ਨੂੰ ਭੇਜੇ ਜਾ ਰਹੇ ਹਨ | ਸ਼ਰਮਾ ਨੇ ਕਿਹਾ ਕਿ ਇਕ ਪਾਸੇ 'ਆਪ' ਸਰਕਾਰ ਜ਼ੀਰਕਪੁਰ ਨੂੰ ਨਗਰ ਨਿਗਮ ਦਾ ਦਰਜਾ ਦੇਣ ਦੀ ਗੱਲ ਕਰ ਰਹੀ ਹੈ, ਜਦਕਿ ਦੂਜੇ ਪਾਸੇ ਪਿਛਲੇ 18 ਮਹੀਨਿਆਂ ਤੋਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੀ ਮੀਟਿੰਗ ਤੱਕ ਨਹੀਂ ਹੋ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੌਂਸਲਰਾਂ ਦੀ ਤੁਰੰਤ ਮੀਟਿੰਗ ਬੁਲਾਈ ਜਾਵੇ ਤੇ ਵਧੇ ਹੋਏ ਟੈਕਸ ਵਾਪਸ ਲਏ ਜਾਣ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਅਕਾਲੀ ਦਲ ਜਨਤਾ ਦੇ ਨਾਲ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹੋਵੇਗਾ | ਇਸ ਮੌਕੇ ਕੌਂਸਲਰ ਤੇ ਅਕਾਲੀ ਆਗੂ ਜਸਪਾਲ ਸਿੰਘ, ਕੁਲਵਿੰਦਰ ਸੋਹੀ, ਯਾਦਵਿੰਦਰ ਸ਼ਰਮਾ, ਧਰਮਿੰਦਰ ਸ਼ਰਮਾ, ਤੇਜਿੰਦਰ ਸਿੰਘ ਤੇਜੀ, ਮਨੀਸ਼ਾ ਮਲਿਕ, ਸੁਰਿੰਦਰ ਸ਼ਿੰਦਾ, ਹਰਪਾਲ ਸਿੰਘ, ਬਲਜਿੰਦਰ ਸਿੰਘ, ਮੁਕੇਸ਼ ਕੁਮਾਰ, ਕਿ੍ਸ਼ਨ ਸਿੰਘ, ਹਨੂਮੰਤ ਬਹੁਗੁਣਾ, ਹਰਬੰਸ ਸਿੰਘ ਤੇ ਮਨਦੀਪ ਸਿੰਘ ਸਮੇਤ ਹੋਰ ਨੁਮਾਇੰਦੇ ਮੌਜੂਦ ਸਨ |