ਐੱਸ. ਏ. ਐੱਸ. ਨਗਰ, 28 ਦਸੰਬਰ (ਕਪਿਲ ਵਧਵਾ)ਫੇਜ਼-11 ਸਥਿਤ ਬੈਸਟੈਕ ਮਾਲ 'ਚ ਅੱਜ ਵੱਡੇ ਪੱਧਰ 'ਤੇ ਮੌਕ ਡਰਿੱਲ ਕਰਵਾਈ ਗਈ, ਜਿਸ ਦਾ ਮਕਸਦ ਐਮਰਜੈਂਸੀ ਸਥਿਤੀਆਂ ਦੌਰਾਨ ਤੁਰੰਤ ਕਾਰਵਾਈ ਤੇ ਜਨਤਾ ਦੀ ਸੁਰੱਖਿਆ ਨੂੰ ਪੜਤਾਲਣਾ ਰਿਹਾ | ਇਹ ਅਭਿਆਸ ਐਸ. ਪੀ. ਸਿਟੀ ਦਿਲਪ੍ਰੀਤ ਸਿੰਘ ਦੀ ਅਗਵਾਈ ਤੇ ਡੀ. ਐਸ.ਪੀ. ਸਿਟੀ-2 ਹਰਸਿਮਰਤ ਸਿੰਘ ਬਲ ਦੀ ਦੇਖ-ਰੇਖ ਹੇਠ ਕੀਤਾ ਗਿਆ | ਡਰਿੱਲ 'ਚ ਕਰੀਬ ਪੰਜਾਬ ਪੁਲਿਸ ਬੰਬ ਡਿਸਪੋਜ਼ਲ ਸਕਵਾਡ ਦੀਆਂ ਟੀਮਾਂ ਸਮੇਤ 80 ਪੁਲਿਸ ਕਰਮਚਾਰੀਆਂ ਨੇ ਭਾਗ ਲਿਆ | ਡਰਿੱਲ ਦੌਰਾਨ ਬੰਬ ਡਿਸਪੋਜ਼ਲ ਸਕਵਾਡ, ਵਿਸਫੋਟਕ ਜਾਂਚ ਦਲ ਤੇ ਅੱਗ ਬੁਝਾਉ ਟੀਮ ਨੂੰ ਮੌਕੇ 'ਤੇ ਤਾਇਨਾਤ ਰੱਖਿਆ ਗਿਆ | ਐਮਰਜੈਂਸੀ ਰਿਸਪੌਂਸ ਕਾਰਵਾਈਆਂ ਦੀ ਨਕਲ ਕਰਦੇ ਹੋਏ ਇਹ ਪਰਖਿਆ ਗਿਆ ਕਿ ਕਿਸੇ ਵੀ ਅਣਚਾਹੀ ਘਟਨਾ ਮੌਕੇ ਤੁਰੰਤ ਰਾਹਤ ਅਤੇ ਬਚਾਅ ਕਾਰਵਾਈ ਕਿਵੇਂ ਅਤੇ ਕਿੰਨੀ ਜਲਦੀ ਕੀਤੀ ਜਾ ਸਕਦੀ ਹੈ | ਇਸ ਮੌਕੇ ਮਾਲ ਸਟਾਫ, ਫੂਡ ਕੋਰਟ ਕਰਮਚਾਰੀ, ਸ਼ੈਫ ਤੇ ਬਾਕੀ ਮਹੱਤਵਪੂਰਨ ਪੁਆਇੰਟਾਂ 'ਤੇ ਤਾਇਨਾਤ ਕਰਮਚਾਰੀਆਂ ਲਈ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਇਆ | ਅੱਗ ਸੁਰੱਖਿਆ ਤੇ ਐਮਰਜੈਂਸੀ ਨਿਕਾਸੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੂੰ ਦੱਸਿਆ ਗਿਆ ਕਿ ਸੰਕਟ ਸਮੇਂ ਸ਼ਾਂਤ ਰਹਿਣਾ, ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਅਤੇ ਤੁਰੰਤ ਪੁਲਿਸ-ਅੱਗ ਬੁਝਾਉ ਵਿਭਾਗ ਨੂੰ ਸੂਚਨਾ ਦੇਣਾ ਕਿੰਨਾ ਜ਼ਰੂਰੀ ਹੈ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹਾਲ ਹੀ ਵਿਚ ਗੋਆ ਵਿਚ ਵਾਪਰੀ ਦੁਖਦਾਈ ਘਟਨਾ ਨੂੰ ਧਿਆਨ ਵਿਚ ਰੱਖਦਿਆਂ ਇਹ ਮੌਕ ਡਰਿੱਲ ਕਰਵਾਈ ਗਈ ਹੈ ਤਾਂ ਜੋ ਮੁਹਾਲੀ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਲਈ ਤਿਆਰ ਰਹੇ | ਇਸ ਦੌਰਾਨ ਡੀ. ਐਸ. ਪੀ. ਸਿਟੀ-2 ਹਰਸਿਮਰਤ ਸਿੰਘ ਬਲ ਨੇ ਕਿਹਾ ਕਿ ਨਵੇਂ ਸਾਲ ਤੋਂ ਪਹਿਲਾਂ ਮੁਹਾਲੀ ਪੁਲਿਸ ਪੂਰੀ ਚੌਕਸੀ 'ਤੇ ਹੈ ਤੇ ਇਸ ਤਰ੍ਹਾਂ ਦੇ ਤਲਾਸ਼ੀ ਅਭਿਆਨ ਅਤੇ ਮੌਕ ਡਰਿੱਲ ਆਗਾਮੀ ਦਿਨਾਂ 'ਚ ਵੀ ਨਿਯਮਿਤ ਤੌਰ 'ਤੇ ਜਾਰੀ ਰਹਿਣਗੇ ਤਾਂ ਜੋ ਜਨਤਾ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ |