ਖਰੜ, 28 ਦਸੰਬਰ (ਗੁਰਮੁੱਖ ਸਿੰਘ ਮਾਨ)-ਵਿਧਾਨ ਸਭਾ ਹਲਕਾ ਖਰੜ ਦੇ ਖਰੜ ਸ਼ਹਿਰ ਤੇ ਕੁਰਾਲੀ ਦੀ ਵਾਰਡਬੰਦੀ ਦਾ ਨਕਸ਼ਾ ਤਿਆਰ ਹੋ ਕੇ ਵਾਰਡਬੰਦੀ ਵੀ ਹੋ ਚੁੱਕੀ ਹੈ, ਪਰ ਹਾਲੇ ਤੱਕ ਨਕਸ਼ੇ ਜਨਤਕ ਨਾ ਕੀਤੇ ਜਾਣ ਕਾਰਨ ਰਾਜਨੀਤਿਕ ਪਾਰਟੀਆਂ ਦੇ ਆਗੂ ਤੇ ਚੋਣ ਲੜਨ ਵਾਲੇ ਉਮੀਦਵਾਰ ਨਿਰਾਸ਼ ਹਨ ਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਹੈ ਕਿ ਸਰਕਾਰ ਨੇ ਦੋਵੇ ਸ਼ਹਿਰਾਂ ਦੀ ਕਿਸ ਤਰ੍ਹਾਂ ਵਾਰਡਬੰਦੀ ਕੀਤੀ ਹੈ | ਇਹ ਵਿਚਾਰ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੇ ਸਾਂਝੇ ਕਰਦਿਆਂ ਕਿਹਾ ਕਿ ਜੋ ਉਮੀਦਵਾਰ ਚੋਣ ਲੜਨਾ ਚਾਹੁੰਦੇ ਹਨ, ਉਨ੍ਹਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਚਾਹਵਾਨ ਉਮੀਦਵਾਰਾਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਉਨ੍ਹਾਂ ਸਰਕਾਰ 'ਤੇ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਵਾਰਡਾਂ ਦੀ ਹੱਦਬੰਦੀ ਆਪਣੀ ਮਨਮਰਜ਼ੀ ਦੇ ਤਰੀਕੇ ਨਾਲ ਤੈਅ ਕੀਤੀ ਗਈ ਹੈ ਜੋ ਕਿ ਸਿੱਧੇ ਤੌਰ 'ਤੇ ਲੋਕਤੰਤਰ ਦੇ ਅਸੂਲਾਂ ਦਾ ਘਾਣ ਹੈ ਅਤੇ ਪ੍ਰਸ਼ਾਸਨ ਵਲੋਂ ਵੀ ਅਜੇ ਤੱਕ ਖਰੜ ਤੇ ਕੁਰਾਲੀ ਦੇ ਵਾਰਡਾਂ ਦੇ ਨਕਸ਼ੇ ਜਾਰੀ ਨਹੀਂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਚੋਣ ਲੜਨ ਦੇ ਚਾਹਵਾਨ ਕੌਂਸਲਾਂ ਵਲੋਂ ਜਾਰੀ ਕੀਤੇ ਨਵੇਂ ਵਾਰਡਾਂ ਦੇ ਨਕਸ਼ੇ ਲੈਣ ਲਈ ਗੇੜੇ ਮਾਰ ਰਹੇ ਹਨ, ਪਰ ਉਨ੍ਹਾਂ ਨੂੰ ਨਕਸ਼ੇ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਵਾਰਡਬੰਦੀ ਦੇ ਇਤਰਾਜ਼ ਦਾ ਸਮਾਂ 29 ਦਸੰਬਰ ਤੱਕ ਹੈ, ਪਰ ਹੁਣ ਤੱਕ ਵਾਰਡਬੰਦੀ ਦੇ ਨਕਸ਼ੇ ਨਹੀਂ ਲੱਗੇ ਹਨ |