ਖਰੜ, 28 ਦਸੰਬਰ (ਜੰਡਪੁਰੀ)-ਖਰੜ ਦੇ ਡੀ. ਐਸ. ਪੀ. ਕਰਨ ਸਿੰਘ ਸੰਧੂ ਦੀ ਅਗਵਾਈ ਹੇਠ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਬੀਤੇ ਕੱਲ੍ਹ ਗਿਲਕੋ ਵੈਲੀ ਤੇ ਸੰਨੀ ਇਨਕਲੇਵ ਖੇਤਰ ਦੀ ਪੁਲਿਸ ਪਾਰਟੀ ਨਾਲ ਚੈਕਿੰਗ ਕੀਤੀ ਗਈ | ਇਸ ਚੈਕਿੰਗ ਦੌਰਾਨ 8-10 ਬੰਦੇ ਜਨਤਕ ਥਾਵਾਂ 'ਤੇ ਸ਼ਰੇਆਮ ਸ਼ਰਾਬ ਪੀਂਦੇ ਪੁਲਿਸ ਨੇ ਹਿਰਾਸਤ ਵਿਚ ਲਏ ਹਨ | ਇਸ ਸੰਬੰਧੀ ਖਰੜ ਦੇ ਡੀ. ਐਸ. ਪੀ. ਸੰਧੂ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤਾਂ ਜੋ ਕੋਈ ਗਲਤ ਅਨਸਰ ਕਿਸੇ ਤਰ੍ਹਾਂ ਦੀ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ | ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ ਗਿਲਕੋ ਵੈਲੀ ਤੇ ਸੰਨੀ ਇਨਕਲੇਵ ਦੇ ਇੱਕ ਠੇਕੇ ਦੇ ਨੇੜੇ ਜਨਤਕ ਥਾਵਾਂ 'ਤੇ ਸ਼ਰੇਆਮ ਸ਼ਰਾਬ ਪੀਂਦੇ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਉਨ੍ਹਾਂ ਕੋਲੋਂ ਮੌਕੇ 'ਤੇ ਵਰਤੀ ਜਾ ਰਹੀ ਸ਼ਰਾਬ ਦੀਆਂ ਬੋਤਲਾਂ ਵੀ ਮੌਕੇ ਤੋਂ ਫੜੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਥਾਣਾ ਸਿਟੀ ਇੰਚਾਰਜ ਅਮਰਿੰਦਰ ਸਿੰਘ ਸਮੇਤ ਹੋਰ ਪੁਲਿਸ ਪਾਰਟੀ ਵੀ ਮੌਕੇ 'ਤੇ ਮੌਜੂਦ ਸੀ |