ਨਥਾਣਾ, 2 ਜੂਨ (ਗੁਰਦਰਸ਼ਨ ਲੁੱਧੜ)-ਇਲਾਕੇ ਦੇ ਖੇਤਾਂ ਵਿਚ ਬਿਜਲੀ ਮੋਟਰਾਂ ਤੇ ਟਿਕੇ ਟਰਾਂਸਫ਼ਾਰਮਰ ਦੀਆਂ ਚੋਰੀਆਂ ਨੇ ਕਿਸਾਨਾਂ ਅਤੇ ਪਾਵਰਕਾਮ ਅਧਿਕਾਰੀਆਂ ਨੂੰ ਚੱਕਰਾਂ ਵਿਚ ਪਾਇਆ ਹੋਇਆ ਹੈ | ਬੀਤੀ ਰਾਤ ਪਿੰਡ ਗੰਗਾ ਦੀ ਹੱਦਬਸਤ ਅੰਦਰ ਢੇਲਵਾਂ ਮੋੜ ਲਾਗੇ ਸੂਬੇਦਾਰ ਲੱਖਾ ਸਿੰਘ ਦੀ ਖੇਤੀ ਮੋਟਰ ਦਾ ਟਰਾਂਸਫਾਰਮਰ ਚੋਰੀ ਹੋ ਗਿਆ | ਇਸ ਤੋਂ ਪਹਿਲੀ ਰਾਤ ਕਲਿਆਣ ਗਰਿੱਡ ਦੇ ਮਾੜੀ ਫੀਡਰ 'ਤੇ ਪਿੰਡ ਮਾੜੀ ਦੇ ਕਿਸਾਨ ਕਰਨੈਲ ਸਿੰਘ, ਲੇਖਰਾਜ, ਸੁਖਜੀਤ ਕੌਰ, ਸਿਮਰਨਜੀਤ ਸਿੰਘ ਅਤੇ ਪਰਮਜੀਤ ਕੌਰ ਦੀਆਂ ਖੇਤੀ ਮੋਟਰਾਂ 'ਤੇ ਟਿਕੇ ਟਰਾਂਸਫ਼ਾਰਮਰਾਂ ਦਾ ਤੇਲ ਅਤੇ ਤਾਂਬਾ ਚੋਰੀ ਹੋ ਚੁੱਕਿਆ ਹੈ | ਮਿਲੀ ਜਾਣਕਾਰੀ ਅਨੁਸਾਰ ਚੋਰਾਂ ਵਲੋਂ ਤਾਂਬੇ ਵਾਲੇ ਟਰਾਂਸਫ਼ਾਰਮਰਾਂ ਦਾ ਤਾਂਬਾ ਚੋਰੀ ਕੀਤਾ ਗਿਆ ਹੈ ਅਤੇ ਜਿਹੜੇ ਟਰਾਂਸਫ਼ਾਰਮਰ ਤਾਂਬੇ ਦੀ ਬਿਜਾਏ ਐਲਮੋਨੀਅਮ ਦੇ ਬਣੇ ਹਨ, ਦਾ ਤੇਲ ਚੋਰੀ ਕੀਤਾ ਗਿਆ ਹੈ | ਅਜਿਹੀਆਂ ਘਟਨਾਵਾਂ ਕਾਰਨ ਜਿੱਥੇ ਖੇਤਾਂ ਵਿਚ ਕੁਝ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਪਾਵਰਕਾਮ ਸਟੋਰਾਂ ਵਿਚ ਟਰਾਂਸਫ਼ਾਰਮਰ ਦੇ ਸਮਾਨ ਦੀ ਵੀ ਥੁੜ ਪੈਦਾ ਹੋ ਸਕਦੀ ਹੈ | ਪੰਜਾਬ ਕਿਸਾਨ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਪਿੰਡ ਮਾੜੀ ਦੇ ਸਾਬਕਾ ਸਰਪੰਚ ਧਰਮ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖੇਤਾਂ ਵਿਚ ਹੋ ਰਹੀਆਂ ਚੋਰੀਆਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ |
ਟਰਾਂਸਫ਼ਾਰਮਰ ਚੋਰੀਆਂ ਨੇ ਕਿਸਾਨਾਂ ਅਤੇ ਬਿਜਲੀ ਮੁਲਾਜ਼ਮਾਂ ਨੂੰ ਵਖ਼ਤ ਪਾਇਆ
ਅਜੀਤ ਡੈਸਕ
03-06-2025