ਭੁੱਚੋ ਮੰਡੀ, 2 ਜੂਨ (ਪਰਵਿੰਦਰ ਸਿੰਘ ਜੌੜਾ)-ਸਥਾਨਕ ਪੁਲਿਸ ਵਲੋਂ ਇੱਥੋਂ ਦੇ ਇਕ ਮੈਡੀਕਲ ਸਟੋਰ ਤੋਂ ਵੱਡੀ ਮਾਤਰਾ ਵਿਚ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਮੌਕੇ ਤੋਂ ਗਿ੍ਫ਼ਤਾਰ ਵੀ ਕੀਤਾ ਗਿਆ ਹੈ | ਸਥਾਨਕ ਪੁਲਿਸ ਚੌਂਕੀ ਦੇ ਇੰਚਾਰਜ ਨਿਰਮਲਜੀਤ ਸਿੰਘ ਅਨੁਸਾਰ ਪੰਜਾਬ ਸਰਕਾਰ ਦੀ 'ਸਿਹਤ ਪੰਜਾਬ' ਹੈਲਪ ਲਾਈਨ 'ਤੇ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਮੈਡੀਕਲ ਸਟੋਰ 'ਤੇ ਵੱਡੀ ਤਾਦਾਦ ਵਿਚ ਨਸ਼ੀਲੀਆਂ ਦਵਾਈਆਂ ਧੜੱਲੇ ਨਾਲ ਵੇਚੀਆਂ ਜਾ ਰਹੀਆਂ ਹਨ | ਇੱਥੋਂ ਤੱਕ ਕਿ ਸਵੇਰੇ-ਸ਼ਾਮ ਮੈਡੀਕਲ ਸਟੋਰ 'ਤੇ 'ਮੇਲੇ' ਵਰਗਾ ਮਾਹੌਲ ਹੁੰਦਾ ਹੈ | ਪੁਲਿਸ ਨੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਸਥਾਨਕ ਭਾਰਤ ਮੈਡੀਕਲ ਸਟੋਰ 'ਤੇ ਛਾਪਾ ਮਾਰਿਆ ਤਾਂ ਉੱਥੋਂ ਪਾਬੰਦੀਸ਼ੁਦਾ ਨਸ਼ੀਲੇ 77,400 ਪ੍ਰੈਗਾਬਲਿਨ-300 (ਸਿਗਨੇਚਰ) ਕੈਪਸੂਲ ਬਰਾਮਦ ਹੋਏ | ਇਸ ਤੋਂ ਇਲਾਵਾ ਇੰਡੀਅਨ ਮੈਡੀਕਲ ਅਤੇ ਕਾਸਮੈਟਿਕਸ ਐਕਟ ਤਹਿਤ ਪਾਬੰਦੀਸ਼ੁਦਾ ਇਕ ਲੱਖ ਤੋਂ ਵਧੇਰੇ ਹੋਰ ਦਵਾਈਆਂ ਬਰਾਮਦ ਹੋਈਆਂ | ਪੁਲਿਸ ਵਲੋਂ ਸਿਗਨੇਚਰ ਕੈਪਸੂਲ ਮਿਲਣ ਦੇ ਮਾਮਲੇ ਵਿਚ ਮੁਲਜ਼ਮ ਜਨਿੰਦਰ ਕੁਮਾਰ ਵਾਸੀ ਭੁੱਚੋ ਮੰਡੀ ਨੂੰ ਮੌਕੇ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਅਤੇ ਡਰੱਗ ਇੰਸਪੈਕਟਰ ਵਲੋਂ ਵੱਖਰੇ ਤੌਰ 'ਤੇ ਪਾਬੰਦੀਸ਼ੁਦਾ ਦਵਾਈਆਂ ਮਿਲਣ ਦੇ ਮਾਮਲੇ ਵਿਚ ਇੰਡੀਅਨ ਮੈਡੀਕਲ ਅਤੇ ਕਾਸਮੈਟਿਕਸ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ | ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ | ਚਰਚਾ ਹੈ ਕਿ ਨਸ਼ੀਲੀਆਂ ਦਵਾਈਆਂ ਦਾ ਇਹ 'ਗੋਰਖਧੰਦਾ' ਕਥਿਤ ਮਿਲੀਭੁਗਤ ਨਾਲ ਕੀਤਾ ਜਾ ਰਿਹਾ ਸੀ ਅਤੇ ਸਭ ਕੁਝ ਜਾਣਦੇ ਹੋਏ ਵੀ 'ਕਬੂਤਰ' ਵਾਂਗ ਅੱਖਾਂ ਮੀਟੀਆਂ ਹੋਈਆਂ ਸਨ | ਹੁਣ ਚੂੰਕਿ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ਵਿੱਢੀ ਹੋਈ ਹੈ ਅਤੇ 31 ਮਈ ਦੀ ਮਿਥੀ ਮਿਆਦ ਲੰਘਣ ਤੋਂ ਬਾਅਦ ਵੀ ਪੰਜਾਬ ਵਿਚੋਂ ਨਸ਼ੇ ਖ਼ਤਮ ਨਾ ਹੋਣ ਸੰਬੰਧੀ ਵਿਰੋਧੀ ਧਿਰਾਂ ਵਲੋਂ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ, ਤਾਂ ਪੰਜਾਬ ਸਰਕਾਰ ਦੀ ਹੈਲਪ ਲਾਈਨ 'ਤੇ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਕਰਨੀ 'ਮਜਬੂਰੀ' ਬਣ ਗਈ ਸੀ | ਅਜੇ ਵੀ ਸਥਾਨਕ ਇਕ ਹੋਰ ਮੈਡੀਕਲ ਸਟੋਰ ਦੀ ਸਥਿਤੀ ਵੀ ਅਜਿਹੀ ਹੈ ਦੱਸੀ ਜਾ ਰਹੀ ਹੈ, ਜਿੱਥੇ ਧੜੱਲੇ ਨਾਲ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਵੇਚੀਆਂ ਜਾ ਰਹੀਆਂ ਹਨ |
ਭੁੱਚੋ ਪੁਲਿਸ ਵਲੋਂ ਮੈਡੀਕਲ ਸਟੋਰ ਤੋਂ 77,400 ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਬਰਾਮਦ
ਅਜੀਤ ਡੈਸਕ
03-06-2025