ਗੋਨਿਆਣਾਂ, 2 ਜੂਨ (ਲਛਮਣ ਦਾਸ ਗਰਗ)-ਪਿਛਲੇ ਕੁਝ ਦਿਨ ਪਹਿਲਾ ਸ਼ਹਿਰ ਦੇ ਨੌਜਵਾਨ ਅਧਿਆਪਕ ਨਰਿੰਦਰਦੀਪ ਸਿੰਘ ਨਨੂੰ ਦੀ ਸੀਆਈਏ ਸਟਾਫ਼ ਬਠਿੰਡਾ-2 ਵਲੋਂ ਦਿੱਤੇ ਗਏ ਤਸੀਹਿਆਂ ਨਾਲ ਮੌਤ ਹੋ ਚੁੱਕੀ ਸੀ | ਬੀਬੀ ਪਰਮਪਾਲ ਕੌਰ ਭਾਜਪਾ ਆਗੂ ਪੀੜਤ ਪਰਿਵਾਰ ਨੂੰ ਮਿਲਣ ਲਈ ਪਹੁੰਚੇ | ਉਨ੍ਹਾਂ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਾਂ | ਉਨ੍ਹਾਂ ਕਿਹਾ ਕਿ ਪੁਲਿਸ ਨੇ ਗੈਰ-ਕਾਨੂੰਨੀ ਤੌਰ 'ਤੇ ਅਗਵਾ ਕਰ ਲਿਆ ਸੀ ਅਤੇ ਬਾਅਦ ਵਿਚ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਸੀ, ਅਸਲ ਵਿਚ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਕੋਈ ਸਥਿਤੀ ਨਹੀਂ ਹੈ | ਬੀਬਾ ਨੇ ਕਿਹਾ ਕਿ ਸਭ ਕੁੱਝ ਸਰਕਾਰ ਦੇ ਹੱਥੋਂ ਬਾਹਰ ਹੈ | ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਵੀ ਸਰਕਾਰ ਲਈ ਇੱਕ ਪੂਰੀ ਤਰ੍ਹਾਂ ਖੇਡ ਬਣ ਗਈ ਹੈ | ਉਨ੍ਹਾਂ ਕਿਹਾ ਕਿ ਪਿੰਡ ਭਾਈ ਬਖਤੌਰ ਵਿਚ ਵੀ ਇੱਕ ਨੌਜਵਾਨ ਨੂੰ ਨਸ਼ਾ ਤਸਕਰਾਂ ਨੇ ਬੇਰਹਿਮੀ ਨਾਲ ਕੁੱਟਿਆ ਹੈ | ਸੂਬੇ ਵਿਚ ਅਮਨ ਅਮਾਨ ਨਾਮ ਦੀ ਕੋਈ ਚੀਜ਼ ਨਹੀ ਹੈ, ਇੱਥੇ ਜੰਗਲ ਰਾਜ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਵਰਕਰ ਅਤੇ ਸ਼ਹਿਰ ਨਿਵਾਸੀ ਵੀ ਮੌਜੂਦ ਸਨ |