ਕੋਟਫੱਤਾ, 2 ਜੂਨ (ਰਣਜੀਤ ਸਿੰਘ ਬੁੱਟਰ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਪੂਰੀ ਤਰ੍ਹਾਂ ਫੂਕ ਨਿਕਲ ਗਈ ਪ੍ਰਤੀਤ ਹੁੰਦੀ ਹੈ, ਜਦੋਂ ਇਹ ਮੁਹਿੰਮ ਸ਼ੁਰੂ ਹੋਈ ਸੀ ਤਾਂ ਕਾਫ਼ੀ ਕਾਵਾਂ ਰੋਲੀ ਮੱਚੀ ਸੀ ਜਿਸ ਤੋਂ ਜਾਪਦਾ ਸੀ ਕਿ ਹੁਣ ਨਸ਼ੇ ਦੀ ਸੌਦਾਗਰਾਂ ਦੇ ਦਿਨ ਨੇੜੇ ਆ ਗਏ ਹਨ, ਪਰ ਕਾਵਾਂ ਰੌਲੀ ਤੇ ਪਰਚਿਆਂ ਤੋਂ ਸਿਵਾਏ ਇਸ ਮੁਹਿੰਮ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ | ਜਿਵੇਂ ਸਿਆਣੇ ਕਹਿੰਦੇ ਹੁੰਦੇ ਸੀ ਕਿ ਪਿਛਲਿਆਂ ਸਮਿਆਂ ਵਿਚ ਤਿ੍ੰਝਣਾਂ ਵਿਚ ਜਦ 10 ਕੁੜੀਆਂ ਹਾਸੇ ਮਖੌਲ ਵਾਲੀਆਂ ਇਕੱਠੀਆਂ ਹੋ ਜਾਂਦੀਆਂ ਸਨ ਤਾਂ ਤਿ੍ੰਝਣ ਵਿਚ ਕਾਵਾਂ ਰੌਲੀ ਜ਼ਰੂਰ ਪੈ ਜਾਂਦੀ ਸੀ ਪਰ ਉਨ੍ਹਾਂ ਕੁੜੀਆਂ ਕੋਲੋਂ ਕੱਤੀ ਸੇਰ 'ਚੋਂ ਪੂਣੀ ਵੀ ਨਹੀਂ ਜਾਂਦੀ ਸੀ | ਬਿਲਕੁੱਲ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਨਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਹੋਇਆ ਕਾਵਾਂ ਰੌਲੀ ਤਾਂ ਜ਼ਰੂਰ ਪਈ ਪਰ ਨਤੀਜਾ ਕੁਝ ਵੀ ਨਹੀਂ ਨਿਕਲਿਆ | ਬੀਤੇ ਦਿਨ ਭਾਈ ਬਖਤੌਰ ਵਿਖੇ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਸੇਵਾਮੁਕਤ ਫੌਜੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਤੇ ਉਸ ਤੋਂ ਬਾਅਦ ਪਿੰਡ ਵਿਚ ਪਿੰਡ ਵਿਕਾਊ ਹੈ ਦਾ ਬੋਰਡ ਲੱਗਣਾ ਬੜੀ ਸ਼ਰਮਨਾਕ ਗੱਲ ਹੈ ਭਾਵੇਂ ਇਹ ਬੋਰਡ ਪੁਲਿਸ ਨੇ ਸਮਝਾ ਬੁਝਾ ਕੇ ਉਤਰਵਾ ਦਿੱਤੇ ਪਰ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਖੂਬ ਰਹੀ | ਕੋਟਸ਼ਮੀਰ ਵਿਖੇ ਨਸ਼ੇੜੀਆਂ ਵਲੋਂ 15 ਦਿਨਾਂ ਵਿਚ ਅੱਧੀ ਦਰਜਨ ਤੋਂ ਵੀ ਵੱਧ ਥਾਵਾਂ 'ਤੇ ਚੋਰੀਆਂ ਕਰਨਾ ਵੀ ਚਿੰਤਾ ਦਾ ਵਿਸ਼ਾ ਹੈ | ਸੁਖਜਿੰਦਰ ਸਿੰਘ ਉਰਫ਼ ਸੰਨੀ ਅਰੋੜਾ ਦੇ ਘਰ ਪੌੜੀਆਂ ਉਤਰ ਕੇ ਦੁਕਾਨ ਵਿਚ ਵੜ ਕੇ ਚੋਰ 28 ਤੋਂ 30 ਹਜ਼ਾਰ ਦੀ ਨਗਦੀ ਲੈ ਗਏ ਉਸ ਤੋਂ ਅਗਲੇ ਦਿਨ ਫੇਰ ਨਸ਼ੇੜੀ ਉਸੇ ਘਰ 'ਚ ਹੀ ਦਾਖਲ ਹੋਏ ਪਰ ਮਾਲਕ ਵਲੋਂ ਜਾਗ ਆਉਣ 'ਤੇ ਰੌਲਾ ਪਾਉਣ ਨਾਲ ਚੋਰ ਫ਼ਰਾਰ ਹੋ ਗਏ | ਅਗਲੇ ਦਿਨ ਰਾਜੇ ਸਿੱਖ ਪਰਿਵਾਰ ਦੇ ਗੁਰਜੰਟ ਸਿੰਘ ਖਾਲਸਾ ਦੇ ਚਾਰਜ 'ਤੇ ਲੱਗੇ ਮੋਬਾਇਲ ਨੂੰ ਚੋਰੀ ਕਰਕੇ ਲੈ ਗਏ, ਫ਼ਿਰ ਉਸ ਤੋਂ ਅਗਲੇ ਦਿਨ ਉਸ ਦੇ ਗੁਆਂਢੀ ਬੀਰਾ ਸਿੰਘ ਦੇ ਪਰਿਵਾਰ ਦਾ ਨਵਾਂ ਮੋਬਾਈਲ ਵੀ ਚੋਰੀ ਹੋ ਗਿਆ | ਉਸ ਤੋਂ ਅਗਲੇ ਦਿਨ ਗੁਰਜੰਟ ਸਿੰਘ ਖਾਲਸਾ ਦੇ ਘਰ ਤੋਂ ਦੂਜੀ ਗਲੀ ਵਿਚ ਦਿਨ ਦਿਹਾੜੇ ਨਸ਼ੇੜੀ ਇਕ ਘਰ ਵਿਚ ਵੜ ਗਏ ਪਰ ਪਰਿਵਾਰ ਦੀ ਨੂੰਹ ਵਲੋਂ ਰੌਲਾ ਪਾਉਣ 'ਤੇ ਫ਼ਰਾਰ ਹੋ ਗਏ | ਅਗਲੇ ਦਿਨ ਇਕ ਵਿਧਵਾ ਅÏਰਤ ਬਿਮਲਾ ਦੇਵੀ ਜੋ ਆਪਣੇ ਬੱਚਿਆਂ ਦਾ ਪੇਟ ਦੁਕਾਨ ਤੋਂ ਹੋਈ ਕਮਾਈ ਨਾਲ ਪਾਲਦੀ ਸੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ 70 ਤੋਂ 80 ਹਜ਼ਾਰ ਰੁਪਏ ਦੀ ਕੀਮਤ ਸਮਾਨ ਚੋਰੀ ਕਰਕੇ ਲੈ ਗਏ, ਜਿਸ ਵਿਚ ਜ਼ਿਆਦਾਤਰ ਸਿਗਰਟ, ਬੀੜੀ ਤੇ ਕੂਲਲਿਪ ਸੀ, ਜਿਸ ਤੋਂ ਸਪੱਸ਼ਟ ਹੈ ਕਿ ਚੋਰੀ ਨਸ਼ੇੜੀਆਂ ਦੁਆਰਾ ਕੀਤੀ ਗਈ ਹੈ | ਇੱਥੇ ਦੱਸ ਦੇਈਏ ਕਿ ਕੋਟਸ਼ਮੀਰ ਵਿਚ ਗੈਰ ਨਸ਼ਾ ਕਰਨ ਤੇ ਵੇਚਣ ਵਾਲਿਆਂ ਦੀ ਵੱਡੀ ਗਿਣਤੀ ਹੈ ਤੇ ਪਿੰਡ ਵਿਚ ਪੁਲਿਸ ਚੌਕੀ ਹੋਣ ਦੇ ਬਾਵਜੂਦ ਵੀ ਇੱਥੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਅਸਰ ਤਾਂ ਦੂਰ ਕਾਵਾਂ ਰੌਲੀ ਵੀ ਸੁਣਾਈ ਨਹੀਂ ਦਿੱਤੀ | ਜੇ ਪੁਲਿਸ ਨਸ਼ੇੜੀਆਂ ਨੂੰ ਫੜਦੀ ਵੀ ਹੈ ਤਾਂ ਪਰਚਾ ਅਜਿਹਾ ਪਾਇਆ ਜਾਂਦਾ ਹੈ ਕਿ ਚੌਕੀ ਵਿਚ ਹੀ ਜ਼ਮਾਨਤ ਹੋ ਜਾਂਦੀ ਹੈ |