ਲੋਕਾਂ ਨੇ ਆਪਣੇ ਰੀਤੀ-ਰਿਵਾਜ਼ਾਂ ਅਨੁਸਾਰ ਕੀਤੇ ਪੂਜਾ ਪਾਠ, ਧਾਰਮਿਕ ਸਥਾਨਾਂ 'ਤੇ ਸੰਗਤਾਂ ਹੋਈਆਂ ਨਤਮਸਤਕ
ਬਠਿੰਡਾ, 21 ਅਕਤੂੁਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਜ਼ਿਲ੍ਹੇ ਭਰ 'ਚ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਏ ਗਏ | ਹਾਲਾਂਕਿ ਇਸ ਵਾਰ ਦੀਵਾਲੀ ਦੋ ਦਿਨ ਆਉਣ ਕਰਕੇ ਲੋਕ ਦੀਵਾਲੀ ਮਨਾਉਣ ਸਬੰਧੀ ਭੰਬਲਭੂਸੇ ਵਿਚ ਪਏ ਰਹੇ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੇਂਡੂ ਖੇਤਰਾਂ ਵਿਚ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ/ਪਾਠੀ ਸਿੰਘਾਂ ਵਲੋਂ 'ਦੀਵਾਲੀ', 'ਬੰਦੀ ਛੋੜ ਦਿਵਸ' 21 ਅਕਤੂਬਰ ਨੂੰ ਮਨਾਉਣ ਦੇ ਦਿੱਤੇ ਸੱਦੇ ਤਹਿਤ ਪਿੰਡਾਂ ਅੰਦਰ 21 ਅਕਤੂਬਰ ਨੂੰ 'ਦੀਵਾਲੀ' ਮਨਾਈ ਗਈ, ਜਦਕਿ ਸ਼ਹਿਰੀ ਖੇਤਰਾਂ ਵਿਚ 20 ਅਕਤੂਬਰ ਨੂੰ 'ਦੀਵਾਲੀ' ਮਨਾਉਂਦੇ ਹੋਏ ਪਟਾਖੇਬਾਜ਼ੀ ਤੇ ਆਤਿਸ਼ਬਾਜ਼ੀ ਹੋਈ | ਮਹਿੰਗਾਈ ਦੇ ਚਲਦਿਆਂ 'ਦੀਵਾਲੀ' ਪ੍ਰਤੀ ਲੋਕਾਂ ਦਾ ਉਤਸ਼ਾਹ ਠੰਢਾ ਨਜ਼ਰ ਆਇਆ | ਲੋਕਾਂ ਨੇ ਦਿਨ ਸਮੇਂ ਜਿੱਥੇ ਆਪਣੇ ਰੀਤੀ ਰਿਵਾਜਾਂ ਅਨੁਸਾਰ ਪੂਜਾ ਪਾਠ ਕੀਤੇ, ਉਥੇ ਰਾਤ ਸਮੇਂ ਧਾਰਮਿਕ ਸਥਾਨ ਮੰਦਰ, ਮਸਜਿਦ, ਗੁਰਦੁਆਰਿਆਂ ਤੋਂ ਇਲਾਵਾ ਆਪਣੇ-ਆਪਣੇ ਘਰਾਂ ਨੂੰ ਸਜਾਵਟੀ ਬਿਜਲਈ ਲੜੀਆਂ ਅਤੇ ਤੇਲ ਦੇ ਦੀਵੇ ਬਾਲ ਕੇ ਰੌਸ਼ਨ ਕਰਨ ਦੇ ਨਾਲ-ਨਾਲ ਰਸਮੀ ਤੌਰ 'ਤੇ ਇਕਾ-ਦੁੱਕਾ ਪਟਾਖੇ ਵੀ ਚਲਾਏ | ਪਰ ਇਸ ਵਾਰ ਜ਼ਿਆਦਾਤਰ ਲੋਕਾਂ ਨੇ 'ਗਰੀਨ ਦੀਵਾਲੀ' ਮਨਾਉਣ ਨੂੰ ਪਹਿਲ ਦਿੰਦੇ ਹੋਏ ਦੂਸਰੇ ਲੋਕਾਂ ਨੂੰ ਵਾਤਾਵਰਣ ਬਚਾਉਣ ਦਾ ਸੰਦੇਸ਼ ਦਿੱਤਾ | ਮਹਿੰਗਾਈ ਅਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੇਖਦੇ ਹੋਏ ਲੋਕਾਂ ਨੇ ਪਟਾਖਿਆਂ 'ਤੇ ਖਰਚਾ ਕਰਨ ਤੋਂ ਇਸ ਵਾਰ ਵੀ ਹੱਥ ਘੁੱਟੀ ਰੱਖੇ, ਜਿਸ ਕਾਰਨ ਪਟਾਖੇ ਵਿਕਰੇਤਾ ਨਿਰਾਸ਼ ਹੀ ਦਿਸੇ | ਪਟਾਖੇ ਵਿਕਰੇਤਾਵਾਂ ਨੇ ਹਮੇਸ਼ਾਂ ਵਾਂਗ ਲੱਖਾਂ ਦੇ ਪਟਾਖੇ ਖਰੀਦ ਕਰਕੇ ਸਟਾਲਾਂ ਲਗਾ ਰੱਖੀਆਂ ਸਨ, ਪਰ ਐਂਤਕੀ ਉਨ੍ਹਾਂ ਦੇ ਪਟਾਖਿਆਂ ਦੀ ਅੱਧੀ ਵਿਕਰੀ ਵੀ ਨਹੀਂ ਹੋਈ | ਇਸ ਤੋਂ ਇਲਾਵਾ ਬਹੁਤੇ ਲੋਕਾਂ ਨੇ ਲੋੜਵੰਦ ਅਤੇ ਬੇਸਹਾਰਾ ਵਿਅਕਤੀਆਂ ਨੂੰ 'ਦੀਵਾਲੀ' ਦੇ ਤੋਹਫ਼ੇ ਦੇ ਕੇ ਅਤੇ ਉਨ੍ਹਾਂ ਨੂੰ ਖਾਣ-ਪੀਣ ਦਾ ਰਾਸ਼ਨ ਦੇ ਕੇ ਉਨ੍ਹਾਂ ਨਾਲ 'ਦੀਵਾਲੀ' ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ |
ਜ਼ਿਲ੍ਹੇ ਭਰ 'ਚ 'ਦੀਵਾਲੀ' ਅਤੇ 'ਬੰਦੀ ਛੋੜ ਦਿਵਸ' ਸ਼ਰਧਾ ਨਾਲ ਮਨਾਇਆ
ਅਜੀਤ ਡੈਸਕ
22-10-2025