ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦੀਵਾਲੀ ਦੀ ਰਾਤ ਸਥਾਨਕ ਸ਼ਹਿਰ ਅੰਦਰ ਇਕ ਫ਼ਰਨੀਚਰ ਫੈਕਟਰੀ ਅਤੇ ਬੋਰੀਆਂ ਵਾਲੇ ਗੋਦਾਮ 'ਚ ਅਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਫਰਨੀਚਰ ਤੇ ਬੋਰੀਆਂ ਸੜ ਕੇ ਸੁਆਹ ਹੋ ਗਈਆਂ ਹਨ | ਹਾਲਾਂਕਿ ਅਗਜ਼ਨੀ ਦੀਆਂ ਘਟਨਾਵਾਂ ਵਿਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ ਪਰ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਸ਼ੰਕਾ ਜਤਾਈ ਜਾ ਰਹੀ ਹੈ ਕਿ ਸ਼ਾਰਟ ਸਰਕਟ ਹੋਣ ਕਾਰਨ ਅੱਗ ਦੀਆਂ ਘਟਨਾਵਾਂ ਵਾਪਰੀਆਂ ਹਨ | ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ੱਕਤ ਮਗਰੋਂ ਆਸ-ਪਾਸ ਰਹਿੰਦੇ ਲੋਕਾਂ ਦੀ ਮਦਦ ਨਾਲ ਦੋਨੋਂ ਥਾਂਈ ਅੱਗ 'ਤੇ ਕਾਬੂ ਪਾ ਕੇ ਵੱਡੇ ਨੁਕਸਾਨ ਤੋਂ ਬਚਾਅ ਕਰ ਲਿਆ | ਪਹਿਲੀ ਘਟਨਾ ਸਥਾਨਕ ਸ਼ਹੀਦ ਊਧਮ ਸਿੰਘ ਨਗਰ ਦੀ ਗਲੀ ਨੰ. 17 ਵਿਚ ਵਾਪਰੀ ਹੈ, ਜਿਥੇ ਫਰਨੀਚਰ ਫੈਕਟਰੀ ਵਿਚ ਅਚਾਨਕ ਅੱਗ ਲੱਗ ਗਈ, ਜੋ ਥੋੜੇ ਸਮੇਂ ਬਾਅਦ ਭਿਆਨਕ ਰੂਪ ਧਾਰਨ ਕਰ ਗਈ ਅਤੇ ਅੱਗ ਦੀਆਂ ਉਚੀਆਂ ਉਚੀਆਂ ਲਾਟਾਂ ਨਿਕਲਣ ਲੱਗੀਆਂ | ਅੱਗ ਦਾ ਪਤਾ ਚਲਦਿਆਂ ਜਿਥੇ ਵੱਡੀ ਗਿਣਤੀ ਲੋਕਾਂ ਨੇ ਫੈਕਟਰੀ ਵੱਡੀ ਗੈਸ ਸਿਲੰਡਰ ਤੇ ਲੱਕੜ ਦਾ ਬਣਿਆ ਵੱਡੀ ਗਿਣਤੀ 'ਚ ਸਾਮਾਨ ਬਾਹਰ ਕੱਢਿਆ, ਉਥੇ ਫਾਇਰ ਬਿ੍ਗੇਡ ਦੀਆਂ ਕਰੀਬ ਅੱਧੀ ਦਰਜਨ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ, ਉਦੋਂ ਤੱਕ ਫੈਕਟਰੀ 'ਚ ਪਏ ਬੈੱਡ, ਅਲਮਾਰੀਆਂ, ਸੋਫ਼ੇ, ਕੁਰਸੀਆਂ ਅੱਗ ਦੀ ਭੇਂਟ ਚੜ ਚੁੱਕੀਆਂ ਸਨ | ਮਦਨ ਲਾਲ ਸ਼ਰਮਾ ਨੇ ਦੱਸਿਆ ਕਿ ਉਹ ਫਰਨੀਚਰ ਫੈਕਟਰੀ ਵਿਚ ਬੈੱਡ, ਅਲਮਾਰੀਆਂ, ਸੋਫ਼ੇ ਵਗੈਰਾ ਬਣਾਉਂਦੇ ਹਨ ਅਤੇ ਹੁਣ ਤਿਉਹਾਰਾਂ ਕਰਕੇ ਫੈਕਟਰੀ ਫਰਨੀਚਰ ਨਾਲ ਭਰੀ ਹੋਈ ਸੀ | ਦੀਵਾਲੀ ਹੋਣ ਕਰਕੇ ਸ਼ਾਮ ਸਮੇਂ ਫੈਕਟਰੀ 'ਚ ਕੰਮ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਛੁੱਟੀ ਕਰਕੇ ਉਹ ਘਰ ਗਏ ਸਨ ਕਿ ਰਾਤ ਸਮੇਂ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਫੈਕਟਰੀ ਵਿਚ ਅੱਗ ਲੱਗ ਗਈ ਹੈ, ਉਨ੍ਹਾਂ ਤਰੰਤ ਆ ਕੇ ਦੇਖਿਆ ਤਾਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ | ਅੱਗ ਲੱਗਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਚੱਲ ਸਕਿਆ | ਸ਼ੁਕਰ ਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ | ਅੱਗ ਦੀ ਘਟਨਾ ਦਾ ਪਤਾ ਚੱਲਣ 'ਤੇ ਏਡੀਸੀ ਮੈਡਮ ਪੂਨਮ ਸਿੰਘ, ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਬਲਜੀਤ ਸਿੰਘ ਬੱਲੀ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਫੈਕਟਰੀ ਮਾਲਕਾਂ ਨਾਲ ਹਮਦਰਦੀ ਜਤਾਉਂਦਿਆਂ ਅੱਗ ਕਾਰਨ ਹੋਏ ਨੁਕਸਾਨ ਦੀ ਭਰਪਾਈ ਸਰਕਾਰ ਤੋਂ ਕਰਵਾਉਣ ਦਾ ਭਰੋਸਾ ਦਿਵਾਇਆ | ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਦੀਵਾਲੀ ਕਰਕੇ ਆਤਿਸ਼ਬਾਜ਼ੀਆਂ ਚਲਦੀਆਂ ਹੋਣ ਕਰਕੇ ਲੱਗਦਾ ਕੋਈ ਆਤਿਸ਼ਬਾਜ਼ੀ ਫੈਕਟਰੀ ਅੰਦਰ ਡਿੱਗੀ, ਜਿਸ ਕਾਰਨ ਅੱਗ ਲੱਗੀ ਹੈ | ਇਸੇ ਤਰ੍ਹਾਂ ਪਰਸਰਾਮ ਨਗਰ ਦੀ 37 ਨੰਬਰ ਗਲੀ ਵਿਚਲੇ ਇਕ ਬੋਰੀਆਂ ਵਾਲੇ ਗੋਦਾਮ 'ਚ ਅੱਗ ਲੱਗ ਗਈ, ਜਿਸ ਉਪਰ ਆਂਢ ਗੁਆਂਢ ਦੇ ਲੋਕਾਂ ਅਤੇ ਅੱਗ ਬੁਝਾਓ ਦਸਤੇ ਦੀਆਂ ਟੀਮਾਂ ਨੇ ਕਾਫ਼ੀ ਜੱਦੋ ਜਹਿਦ ਬਾਅਦ ਕਾਬੂ ਪਾਇਆ | ਅੱਗ ਕਾਰਨ ਗੋਦਾਮ ਅੰਦਰ ਖੜੀ ਇਕ ਗੱਡੀ ਵੀ ਨੁਕਸਾਨੀ ਗਈ ਹੈ | ਇਥੇ ਵੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸ਼ਾਰਟ ਸ਼ਰਕਟ ਹੋਣ ਕਰਕੇ ਅਗਜ਼ਨੀ ਦੀ ਘਟਨਾ ਵਾਪਰਨਾ ਕਿਹਾ ਜਾ ਰਿਹਾ |