ਚਾਉਕੇ, 21 ਅਕਤੂਬਰ (ਮਨਜੀਤ ਸਿੰਘ ਘੜੈਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮਿ੍ਤਸਰ ਸਾਹਿਬ ਦੇ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਬੱਲ੍ਹੋ-ਬਦਿਆਲਾ ਵਿਖੇ ਪਿ੍ੰਸੀਪਲ ਰਣਜੀਤ ਸਿੰਘ ਦੇ ਦਿਸ਼ਾ -ਨਿਰਦੇਸ਼ਾਂ ਅਨੁਸਾਰ ਐਕਟੀਵਿਟੀ ਇੰਚਾਰਜ ਮਨਦੀਪ ਕੌਰ ਦੀ ਦੇਖ -ਰੇਖ ਹੇਠ ਸ਼ਹੀਦ ਭਗਤ ਸਿੰਘ ਹਾਊਸ ਵਲੋਂ ਸਕੂਲ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਜਿਸ ਦੀ ਸ਼ੁਰੂਆਤ ਸ਼੍ਰੀ ਜਪੁ ਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਨਾਲ ਕੀਤੀ ਗਈ ਅਤੇ ਪਾਠ ਉਪਰੰਤ ਬੱਚਿਆਂ ਤੇ ਸੰਗੀਤ ਅਧਿਆਪਕ ਜਸਪਾਲ ਸਿੰਘ ਅਤੇ ਧਾਰਮਿਕ ਅਧਿਆਪਕ ਗੋਪਾਲ ਸਿੰਘ ਵਲੋਂ ਸ਼ਬਦ ਗਾਇਨ ਕੀਤਾ ਗਿਆ | ਹਾਊਸ ਅਧਿਆਪਕ ਹਰਸ਼ਰਨ ਕੌਰ ਵਲੋਂ ਬੱਚਿਆਂ ਨੂੰ ਬੰਦੀ ਛੋੜ ਦਿਵਸ ਬਾਰੇ ਜਾਣੂ ਕਰਵਾਇਆ ਗਿਆ | ਇਸ ਉਪਰੰਤ ਪਿ੍ੰਸੀਪਲ ਰਣਜੀਤ ਸਿੰਘ ਵਲੋਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀ ਵਧਾਈ ਦਿੱਤੀ ਗਈ ਅਤੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ | ਉਨਾਂ ਨੇ ਬੱਚਿਆਂ ਨੂੰ ਦੀਵਾਲੀ ਨੂੰ ਗਰੀਨ ਦਿਵਾਲੀ ਵਜੋਂ ਮਨਾਉਣ ਲਈ ਪ੍ਰੇਰਿਆ | ਸਕੂਲ ਦੇ ਧਾਰਮਿਕ ਸਿੱਖਿਆ ਦੇ ਅਧਿਆਪਕ ਗੋਪਾਲ ਸਿੰਘ ਵਲੋਂ ਬੱਚਿਆਂ ਨਾਲ ਇਸ ਤਿਉਹਾਰ ਦਾ ਇਤਿਹਾਸ ਸਾਂਝਾ ਕੀਤਾ ਗਿਆ | ਉਪਰੰਤ ਸਭਨਾਂ ਦੀ ਤੰਦਰੁਸਤੀ ਦੀ ਅਰਦਾਸ ਕੀਤੀ ਗਈ | ਇਸ ਸਮਾਗਮ ਤੋਂ ਬਾਅਦ ਨਰਸਰੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਕਾਰਡ ਬਣਾਉਣ, ਰੰਗੋਲੀ ਬਣਾਉਣ ਅਤੇ ਦੀਵਿਆਂ ਨੂੰ ਸਜਾਉਣ ਦੀ ਐਕਟੀਵਿਟੀ ਕਰਵਾਈ ਗਈ | ਇਸ ਮੌਕੇ ਕੋਆਰਡੀਨੇਟਰ ਹਰਜਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |