ਮੋਰਿੰਡਾ, 4 ਜੂਨ (ਤਰਲੋਚਨ ਸਿੰਘ ਕੰਗ)- ਨਗਰ ਕੌਂਸਲ ਮੋਰਿੰਡਾ ਦੀ ਅਗਰ ਗੱਲ ਕੀਤੀ ਜਾਵੇ ਤਾਂ ਕੌਂਸਲ ਵਿਚ ਅਕਸਰ ਹੀ ਕੌਂਸਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ | ਭਾਵੇਂ ਨਾਲ਼ਿਆਂ ਦੀ ਸਫ਼ਾਈ 'ਤੇ ਖ਼ਰਚੇ ਲੱਖਾਂ ਰੁਪਏ ਦੀ ਗੱਲ ਹੋਵੇ, ਭਾਵੇਂ ਸ਼ਹਿਰ ਵਿਚ ਲੱਗੀਆਂ ਲੌਕ ਟਾਈਲਾਂ ਨੂੰ ਵਾਰ-ਵਾਰ ਪੁੱਟ ਕੇ ਲਗਾਉਣ ਦੀ ਗੱਲ ਹੋਵੇ, ਭਾਵੇਂ ਬੱਸ ਸਟੈਂਡ ਦੀ ਆਮਦਨ ਵਸੂਲੀ ਦੀ ਗੱਲ ਹੋਵੇ ਜਾਂ ਫਿਰ ਸ਼ਹਿਰ ਵਿਚ ਸਾਫ-ਸਫਾਈ ਦੇ ਪ੍ਰਬੰਧਾਂ ਵਿਚ ਪਾਉਣ ਵਾਲੇ ਵੱਡੇ ਖ਼ਰਚਿਆਂ ਦੀ ਗੱਲ ਹੋਵੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਸੁਰਜੀਤ ਸਿੰਘ ਤਾਜਪੁਰਾ, ਸੁਖਦੀਪ ਸਿੰਘ ਭੰਗੂ, ਅਮਨਪ੍ਰੀਤ ਸਿੰਘ, ਰਾਸ਼ਿਦ ਖ਼ਾਨ, ਜਗਦੀਸ਼, ਬਲਵੀਰ ਸਿੰਘ ਸੱਲ੍ਹ ਨੇ ਦੱਸਿਆ ਕਿ ਪੁਰਾਣੀ ਬਸੀ ਰੋਡ 'ਤੇ ਲਗਭਗ ਦੋ ਕਰੋੜ ਦਾ ਕੰਮ ਨਗਰ ਕੌਂਸਲ ਵਲੋਂ 2-3 ਸਾਲ ਪਹਿਲਾਂ ਹੀ ਕਰਵਾਇਆ ਸੀ | ਜਿਸਨੂੰ ਨਗਰ ਕੌਂਸਲ ਵਲੋਂ ਤੀਜੀ ਵਾਰ ਕਰਵਾਇਆ ਜਾ ਰਿਹਾ ਹੈ | ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਇਹ ਲਗਭਗ 90 ਫੁੱਟ ਚੌੜੀ ਸੜਕ ਹੈ | ਇਸ ਸੜਕ ਤੇ ਕਾਫ਼ੀ ਭਾਰੀ ਵਾਹਨ ਵੀ ਲੰਘਦੇ ਹਨ | ਇਸੇ ਕਾਰਨ ਤਿੰਨ ਸਾਲ ਪਹਿਲਾਂ ਨਗਰ ਕੌਂਸਲ ਵਲੋਂ 80 ਐਮ.ਐਮ. ਮੋਟੀ ਟਾਈਲ ਲਗਾਈ ਗਈ ਸੀ | ਪ੍ਰੰਤੂ ਹੁਣ ਨਗਰ ਕੌਂਸਲ ਵਾਲਿਆਂ ਨੇ ਬਹੁਤ ਵਧੀਆ ਬਣੀ ਸੜਕ ਨੂੰ ਇਹ ਕਹਿ ਕੇ ਪੁੱਟ ਲਿਆ ਕੇ ਇਸ ਸੜਕ ਦੀ ਢਲਾਣ ਠੀਕ ਨਹੀਂ ਹੈ | ਇਸਦੀ ਢਲਾਨ ਠੀਕ ਕੀਤੀ ਜਾਵੇਗੀ | ਇਸ ਸਬੰਧੀ ਜਗਪਾਲ ਸਿੰਘ ਜੌਲੀ ਨੇ ਦੱਸਿਆ ਕਿ ਹੁਣ ਇਸ ਸੜਕ 'ਤੇ 60 ਐਮ.ਐਮ. ਤੋਂ ਵੀ ਘੱਟ ਸਾਈਜ਼ ਦੀਆਂ ਨਵੀਆਂ ਟਾਈਲਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ | ਜਦਕਿ ਬਹੁਤ ਵਧੀਆ ਮੋਟੇ ਸਾਈਜ਼ ਦੀਆਂ ਟਾਈਲਾਂ ਨੂੰ ਪੁੱਟ ਕੇ ਕੌਂਸਲ ਵਾਲੇ ਕਿਧਰੇ ਹੋਰ ਲੈ ਗਏ | ਉਨਾਂ ਕਿਹਾ ਕਿ ਸ਼ਹਿਰ ਵਿਚ ਪਹਿਲਾਂ ਵੀ ਕਈ ਸੜਕਾਂ ਚੋਂ ਮੋਟੀਆਂ ਟਾਈਲਾਂ ਪੁੱਟ ਕੇ ਅੰਡਰ ਸਾਈਜ਼ ਦੀਆਂ ਟਾਈਲਾਂ ਲਗਾ ਦਿੱਤੀਆਂ ਗਈਆਂ ਹਨ | ਉਹਨਾਂ ਕਿਹਾ ਕਿ ਅਗਰ ਇਸ ਸੜਕ 'ਤੇ ਵੱਡੇ ਭਾਰੀ ਵਾਹਨ ਚੱਲਣਗੇ ਤਾਂ ਇਹ ਟਾਈਲਾਂ ਟੁੱਟ ਜਾਣਗੀਆਂ ਤੇ ਨਗਰ ਕੌਂਸਲ ਵਲੋਂ ਲਗਾਇਆ ਪੈਸਾ ਬਰਬਾਦ ਹੋ ਜਾਵੇਗਾ | ਇਸੇ ਮਾਮਲੇ ਨੂੰ ਲੈ ਕੇ ਉਹਨਾਂ ਵਲੋਂ ਚੌਕਸੀ ਵਿਭਾਗ ਪੰਜਾਬ ਤੋਂ ਪੜਤਾਲ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਤੇ ਸਰਕਾਰ ਦੇ ਪੈਸਿਆਂ ਨੂੰ ਖਾਣ ਵਾਲਿਆਂ ਤੇ ਕਾਰਵਾਈ ਹੋ ਸਕੇ | ਇਸੇ ਸਬੰਧ ਵਿਚ ਜਦੋਂ ਨਗਰ ਕੌਂਸਲ ਮੋਰਿੰਡਾ ਦੇ ਐੱਸ.ਡੀ.ਓ. ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਫੋਨ ਨਹੀਂ ਚੁੱਕਿਆ ਜਦਕਿ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਸੜਕ 'ਤੇ ਪਾਣੀ ਖੜਨ ਕਾਰਨ ਲੈਵਲ ਠੀਕ ਕਰਕੇ ਟਾਈਲਾਂ ਪੁੱਟੀਆਂ ਸਨ | ਅਗਰ ਇਹ ਟਾਈਲਾਂ ਅੰਡਰ ਸਾਈਜ਼ ਹਨ ਤਾਂ ਇਹਨਾਂ ਨੂੰ ਬਿਲਕੁਲ ਵੀ ਲੱਗਣ ਨਹੀਂ ਦਿੱਤਾ ਜਾਵੇਗਾ | ਬਲਕਿ ਇਸ ਸੜਕ ਤੋਂ ਪੁੱਟੀਆਂ 80 ਐਮ.ਐਮ. ਦੀਆਂ ਟਾਈਲਾਂ ਨੂੰ ਦੁਬਾਰਾ ਲਗਾਇਆ ਜਾਵੇਗਾ |