ਨੂਰਪੁਰ ਬੇਦੀ, 3 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਨੰਗਲ ਤੋਂ ਚੱਲਦੀ ਭਾਖੜਾ ਨਹਿਰ ਵਿਚ ਵੱਖ-ਵੱਖ ਥਾਵਾਂ 'ਤੇ ਪਾੜ ਪੈ ਜਾਣ ਕਾਰਨ ਆਲੇ-ਦੁਆਲੇ ਦੇ ਕਈ ਪਿੰਡਾਂ ਨੂੰ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ | ਹੜ੍ਹ ਦੇ ਇਸ ਸੰਕਟਮਈ ਹਾਲਾਤ ਨੂੰ ਦੇਖਦੇ ਹੋਏ ਨੂਰਪੁਰ ਬੇਦੀ ਇਲਾਕੇ ਦੇ ਨੌਜਵਾਨ ਵੱਡੀ ਗਿਣਤੀ ਵਿਚ ਮੋਰਚਾ ਸੰਭਾਲਣ ਲਈ ਅੱਗੇ ਆ ਗਏ ਹਨ | ਨੌਜਵਾਨਾਂ ਨੇ ਜਥੇਬੰਦੀਆਂ ਦੀ ਅਗਵਾਈ ਹੇਠ ਮਿੱਟੀ ਦੀਆਂ ਬੋਰੀਆਂ ਭਰ ਕੇ ਨਹਿਰ ਦੇ ਪਾੜਾਂ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਟਰੈਕਟਰ-ਟਰਾਲੀਆਂ ਰਾਹੀਂ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਫਿਰ ਸੈਂਕੜੇ ਨੌਜਵਾਨ ਮਿਲ ਕੇ ਉਸ ਮਿੱਟੀ ਨੂੰ ਬੋਰੀਆਂ ਵਿਚ ਭਰ ਰਹੇ ਹਨ | ਬੋਰੀਆਂ ਤਿਆਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਟਰਾਲੀਆਂ ਰਾਹੀਂ ਪਾੜ ਵਾਲੀ ਥਾਂ 'ਤੇ ਲਿਜਾਇਆ ਜਾ ਰਿਹਾ ਹੈ ਤਾਂ ਜੋ ਨਹਿਰ ਦੇ ਪਾਣੀ ਨੂੰ ਰੋਕਿਆ ਜਾ ਸਕੇ | ਇਸ ਸੇਵਾ ਕਾਰਜ ਦੀ ਅਗਵਾਈ ਬਾਬਾ ਸਤਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਲੋਂ ਕੀਤੀ ਜਾ ਰਹੀ ਹੈ | ਉਹ ਲਗਾਤਾਰ ਮੌਕੇ 'ਤੇ ਨੌਜਵਾਨਾਂ ਨਾਲ ਸੰਪਰਕ ਵਿਚ ਹਨ ਅਤੇ ਜਿੱਥੇ ਵੀ ਪਾੜ ਪਿਆ ਹੈ, ਉਸ ਨੂੰ ਪੂਰਨ ਲਈ ਉਹ ਆਪਣਾ ਯੋਗਦਾਨ ਪਾ ਰਹੇ ਹਨ | ਨੌਜਵਾਨਾਂ ਦੇ ਉਤਸ਼ਾਹ ਨੂੰ ਕਾਇਮ ਰੱਖਣ ਲਈ ਬਾਬਾ ਜੀ ਵਲੋਂ ਉਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਪਹੁੰਚਾਈ ਜਾ ਰਹੀ ਹੈ | ਇਸ ਤੋਂ ਇਲਾਵਾ ਕਈ ਸਮਾਜਿਕ ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਕੇ 'ਤੇ ਨੌਜਵਾਨਾਂ ਦੇ ਨਾਲ ਡਟੇ ਹੋਏ ਹਨ | ਕਿਰਤੀ ਕਿਸਾਨ ਮੋਰਚਾ ਤੋਂ ਵੀਰ ਸਿੰਘ ਬੜਵਾ ਅਤੇ ਪੰਜਾਬ ਮੋਰਚਾ ਤੋਂ ਗੌਰਵ ਰਾਣਾ ਨਿਰੰਤਰ ਤੌਰ 'ਤੇ ਨੌਜਵਾਨਾਂ ਨਾਲ ਰਾਬਤਾ ਬਣਾਈ ਹੋਏ ਹਨ | ਮਿੱਟੀ ਭਰਨ ਦਾ ਮੁੱਖ ਕੇਂਦਰ ਡੀ.ਏ.ਵੀ. ਸਕੂਲ ਤਖ਼ਤਗੜ੍ਹ, ਮਧੂਬਨ ਸਕੂਲ ਅਸਮਾਨਪੁਰ ਬਣਿਆ ਹੋਇਆ ਹੈ | ਇੱਥੇ ਤਖ਼ਤਗੜ੍ਹ ਦੇ ਸਰਪੰਚ ਡਾ. ਹੈਪੀ, ਸਰਪੰਚ ਬਖਤੌਰ ਸਿੰਘ ਟੱਪਰੀਆਂ, ਸੂਬੇਦਾਰ ਮੋਹਣ ਸਿੰਘ, ਸ਼ੁਭਮ ਮਨਘਟ ਅਤੇ ਹੋਰ ਕਈ ਸਥਾਨਕ ਨੌਜਵਾਨ ਡਟ ਕੇ ਸੇਵਾ ਨਿਭਾ ਰਹੇ ਹਨ | ਨੌਜਵਾਨ ਮਿੱਟੀ ਨੂੰ ਬੋਰੀਆਂ 'ਚ ਭਰ ਕੇ ਬਾਬਾ ਸਤਨਾਮ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪਾੜਾਂ ਵਾਲੀ ਥਾਂ 'ਤੇ ਪਹੁੰਚਾ ਰਹੇ ਹਨ | ਇਲਾਕੇ ਵਿਚ ਨੌਜਵਾਨਾਂ ਦਾ ਜੋਸ਼ ਅਤੇ ਸੇਵਾ ਭਾਵਨਾ ਦੇਖਣਯੋਗ ਹੈ | ਇਸ ਮੁਹਿੰਮ ਨਾਲ ਨਿਸ਼ਚਿਤ ਤੌਰ 'ਤੇ ਹੜ੍ਹ ਦੇ ਖਤਰੇ ਨੂੰ ਕਾਬੂ ਪਾਉਣ ਵਿਚ ਵੱਡੀ ਮਦਦ ਮਿਲ ਰਹੀ ਹੈ ਅਤੇ ਪੰਜਾਬੀ ਨੌਜਵਾਨਾਂ ਵਲੋਂ ਦਿਖਾਈ ਜਾ ਰਹੀ ਇਹ ਸਾਂਝੀ ਸੇਵਾ ਇਨਸਾਨੀਅਤ ਤੇ ਇਕੱਠ ਦੀ ਮਿਸਾਲ ਪੇਸ਼ ਕਰ ਰਹੀ ਹੈ |