ਨੂਰਪੁਰ ਬੇਦੀ, 3 ਸਤੰਬਰ (ਹਰਦੀਪ ਸਿੰਘ ਢੀਂਡਸਾ)-ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਦੀ ਵਿਦਿਆਰਥਣ ਆਯੂਸ਼ੀ ਸੈਣੀ ਪੁੱਤਰੀ ਮਨਮੋਹਨ ਲਾਲ ਪਿੰਡ ਮੁਕਾਰੀ ਨੇ ਪੀ.ਜੀ.ਆਈ. ਨਰਸਿੰਗ ਦੀ ਪ੍ਰੀਖਿਆ 'ਚ ਵੱਡੀ ਉਪਲਬਧੀ ਹਾਸਿਲ ਕਰਦੇ ਹੋਏ 24ਵਾਂ ਰੈਂਕ ਪ੍ਰਾਪਤ ਕੀਤਾ ਹੈ | ਇਸ ਸਫ਼ਲਤਾ 'ਤੇ ਅੱਜ ਜਦੋਂ ਆਯੂਸ਼ੀ ਆਪਣੇ ਸਕੂਲ ਪਹੁੰਚੀ ਤਾਂ ਸਕੂਲ ਮੈਨੇਜਿੰਗ ਕਮੇਟੀ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਮੁੱਚੇ ਸਟਾਫ਼ ਤੇ ਵਿਦਿਆਰਥੀਆਂ ਵਲੋਂ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਸਕੂਲ ਚੇਅਰਮੈਨ ਅਮਿਤ ਚੱਢਾ ਨੇ ਕਿਹਾ ਕਿ ਇਸ ਹੋਣਹਾਰ ਵਿਦਿਆਰਥਣ ਆਯੁਸ਼ੀ ਸੈਣੀ ਦੀ ਇਹ ਉਪਲਬਧੀ ਪੂਰੇ ਖੇਤਰ ਲਈ ਮਾਣ ਦੀ ਗੱਲ ਹੈ | ਇਸ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਉੱਚ ਸਿੱਖਿਆ ਹਾਸਲ ਕਰਨ ਲਈ ਪ੍ਰੇਰਨਾ ਮਿਲੇਗੀ | ਸਕੂਲ ਪ੍ਰਬੰਧਕ ਮੰਡਲ ਹਮੇਸ਼ਾ ਵਿਦਿਆਰਥੀਆਂ ਦੇ ਚਮਕਦੇ ਭਵਿੱਖ ਲਈ ਵਚਨਬੱਧ ਹੈ | ਉਨ੍ਹਾਂ ਨੇ ਦੱਸਿਆ ਕਿ ਪੀ.ਜੀ.ਆਈ. ਚੰਡੀਗੜ੍ਹ ਦੀ ਬੀ.ਐਸ.ਸੀ. ਨਰਸਿੰਗ ਦੀ ਇਸ ਪ੍ਰੀਖਿਆ 'ਚ ਕਰੀਬ 50 ਹਜਾਰ ਲੜਕੀਆਂ ਨੇ ਪੂਰੇ ਦੇਸ਼ 'ਚੋਂ ਭਾਗ ਲਿਆ ਸੀ, ਜਿਸ ਵਿਚ ਆਈ ਸੀ ਸਿਆਣੀ ਨੇ 99 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ 24ਵਾਂ ਰੈਂਕ ਹਾਸਿਲ ਕੀਤਾ ਹੈ | ਇਸ ਬੱਚੀ ਦੀ ਇਸ ਪ੍ਰਾਪਤੀ ਤੇ ਐਗਰੋ ਪੰਜਾਬ ਦੇ ਡਾਇਰੈਕਟਰ ਤੇ ਸੈਣੀ ਵੈੱਲਫੇਅਰ ਬੋਰਡ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ ਨੇ ਵੀ ਆਯੁਸ਼ੀ ਤੇ ਉਸ ਦੇ ਮਾਤਾ ਪਿਤਾ ਤੇ ਅਧਿਆਪਕਾਂ ਨੂੰ ਵਧਾਈ ਭੇਟ ਕੀਤੀ ਹੈ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਮੈਡਮ ਦੀਪਿਕਾ ਪੁਰੀ, ਅਵਿਨਾਸ਼ ਕੁਮਾਰ, ਮੈਡਮ ਅਨੂ ਕੌਸ਼ਲ, ਮੈਡਮ ਸੁਰੇਖਾ ਰਾਣਾ, ਅਵਿਨਾਸ਼ ਕੁਮਾਰ ਸਮੇਤ ਹੋਰ ਅਧਿਆਪਕਾਂ ਨੇ ਵੀ ਸਿਮਰਨਪ੍ਰੀਤ ਨੂੰ ਵਧਾਈਆਂ ਦਿੰਦਿਆਂ ਉਸਦੇ ਰੌਸ਼ਨ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |