ਘਨੌਲੀ, 3 ਸਤੰਬਰ (ਜਸਵੀਰ ਸਿੰਘ ਸੈਣੀ)-ਘਨੌਲੀ ਸਰਕਲ ਵਿਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਮੀਂਹ ਕਾਰਨ ਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਹਨ | ਬਹੁਤ ਸਾਰੇ ਪਿੰਡਾਂ ਵਿਚ ਘਰਾਂ ਦੀਆਂ ਛੱਤਾਂ ਲੀਕ ਹੋ ਰਹੀਆਂ ਹਨ ਅਤੇ ਗਰੀਬ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ, ਰੂਪਨਗਰ ਜ਼ਿਲ੍ਹਾ ਭਾਜਪਾ ਪ੍ਰਧਾਨ ਅਤੇ ਹਿਊਮੈਨਟੀ ਫ਼ਸਟ ਦੇ ਸੰਸਥਾਪਕ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਘਨੌਲੀ ਸਰਕਲ ਦੇ ਪਿੰਡ ਮਕੌੜੀ ਕਲਾ, ਮਕੌੜੀ ਖੁਰਦ ਅਤੇ ਬੇਗਮਪੁਰਾ ਦਾ ਦੌਰਾ ਕੀਤਾ ਅਤੇ ਬਾਰਸ਼ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ | ਲਾਲਪੁਰਾ ਨੇ ਕਿਹਾ ਕਿ ਬਾਰਸ਼ ਕਾਰਨ ਕਈ ਪਿੰਡਾਂ ਦੇ ਲੋਕ ਬੇਘਰ ਹੋ ਗਏ ਹਨ, ਕੁਝ ਘਰਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਹਨ ਅਤੇ ਕਈਆਂ ਵਿਚ ਪਾਣੀ ਦਾਖਿਲ ਹੋਇਆ ਹੈ | ਇਨ੍ਹਾਂ ਪਰਿਵਾਰਾਂ ਦੀ ਤੁਰੰਤ ਸਹਾਇਤਾ ਲਈ ਭਾਜਪਾ ਦੀ ਟੀਮ ਅਤੇ ਹਿਊਮੈਨਟੀ ਫ਼ਸਟ ਲਗਾਤਾਰ ਮੈਦਾਨ ਵਿਚ ਕੰਮ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਤਰਪਾਲਾਂ ਵੰਡਣ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਭਾਵਿਤ ਲੋਕਾਂ ਨੂੰ ਘੱਟੋ-ਘੱਟ ਅਸਥਾਈ ਛਤਰੀ ਮਿਲ ਸਕੇ ਤਾਂ ਜੋ ਉਹ ਮੀਂਹ ਤੋਂ ਬੱਚ ਸਕਣ | ਇਸ ਦੌਰਾਨ, ਸਥਾਨਕ ਲੋਕਾਂ ਨੇ ਅਜੈਵੀਰ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੁਸੀਬਤ ਦੀ ਇਸ ਘੜੀ ਵਿਚ ਭਾਜਪਾ ਦੀ ਟੀਮ ਉਨ੍ਹਾਂ ਦੇ ਨਾਲ ਖੜ੍ਹੀ ਹੈ | ਲਾਲਪੁਰਾ ਨੇ ਭਰੋਸਾ ਦਿਵਾਇਆ ਕਿ ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਲਈ ਦਵਾਈਆਂ, ਸੁੱਕਾ ਰਾਸ਼ਨ ਤੇ ਹੋਰ ਲੋੜੀਂਦਾ ਸਮਾਨ ਵੀ ਜਲਦੀ ਪਹੁੰਚਾਇਆ ਜਾਵੇਗਾ | ਇਸ ਮੌਕੇ ਮੰਡਲ ਪ੍ਰਧਾਨ ਇੰਦਰਪਾਲ ਸਿੰਘ, ਪਿ੍ੰਸ ਕੌਸਿਕ, ਅਮਨਪ੍ਰੀਤ ਸਿੰਘ ਕਾਬੜਵਾਲ, ਸਤਨਾਮ ਸਿੰਘ ਸੱਤੂ,ਓਾਕਾਰ ਸਿੰਘ ਅਬਿਆਣਾ, ਧਰਮਿੰਦਰ ਸਿੰਘ ਆਦਿ ਹਾਜ਼ਰ ਸਨ |