ਕਾਹਨਪੁਰ ਖੂਹੀ, 6 ਸਤੰਬਰ (ਗੁਰਬੀਰ ਸਿੰਘ ਵਾਲੀਆ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅੱਜ ਪਿੰਡ ਭਨੂੰਹਾ ਪਹੁੰਚੇ ਅਤੇ ਸਥਿਤੀ ਦਾ ਵਿਸਥਾਰ ਨਾਲ ਮੁਆਇਨਾ ਕੀਤਾ | ਇਸ ਦੌਰਾਨ ਉਹਨਾਂ ਨੇ ਖੱਡ ਦੇ ਬਰਸਾਤੀ ਪਾਣੀ ਦੇ ਪਿੰਡ ਵਿਚ ਦਾਖਲ ਹੋਣ ਨਾਲ ਬਣੀ ਗੰਭੀਰ ਹਾਲਤਾਂ ਨੂੰ ਵੇਖਿਆ | ਵਿਧਾਇਕ ਨੇ ਖ਼ਾਸ ਤੌਰ 'ਤੇ ਉਹਨਾਂ ਖੇਤਾਂ ਦਾ ਜਾਇਜ਼ਾ ਲਿਆ ਜਿੱਥੇ ਪਾਣੀ ਦੇ ਵੱਧ ਦਬਾਅ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਵਿਧਾਇਕ ਚੱਢਾ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਵਾਰੀ ਦੀ ਭਾਰੀ ਬਰਸਾਤ ਨੇ ਨਾ ਸਿਰਫ਼ ਦਰਿਆਵਾਂ ਵਿਚ ਹੜ੍ਹ ਪੈਦਾ ਕੀਤਾ ਹੈ, ਸਗੋਂ ਬਰਸਾਤੀ ਬਣਨ ਕਾਰਨ ਕਈ ਪਿੰਡਾਂ ਦੀਆਂ ਗਲੀਆਂ ਤੇ ਖੇਤਾਂ ਵਿਚ ਵੀ ਪਾਣੀ ਦਾਖਲ ਹੋ ਗਿਆ ਹੈ | ਇਸ ਕਰਕੇ ਆਮ ਲੋਕਾਂ ਨੂੰ ਘਰਾਂ ਵਿਚ ਤਕਲੀਫ਼ ਆ ਰਹੀ ਹੈ ਅਤੇ ਕਿਸਾਨਾਂ ਦੀ ਖੇਤੀਬਾੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਪ੍ਰਭਾਵਿਤ ਇਲਾਕਿਆਂ ਦੀਆਂ ਰਿਪੋਰਟਾਂ ਤੁਰੰਤ ਤਿਆਰ ਕਰਕੇ ਸਰਕਾਰ ਨੂੰ ਭੇਜੀਆਂ ਜਾਣ | ਰਿਪੋਰਟਾਂ ਦੇ ਆਧਾਰ 'ਤੇ ਲੋਕਾਂ ਅਤੇ ਕਿਸਾਨਾਂ ਨੂੰ ਮੁਆਵਜ਼ਾ ਅਤੇ ਹੋਰ ਸਰਕਾਰੀ ਸਹਾਇਤਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ | ਚੱਢਾ ਨੇ ਭਰੋਸਾ ਦਵਾਇਆ ਕਿ ਕਿਸੇ ਵੀ ਹੜ੍ਹ ਪੀੜਤ ਨੂੰ ਅਣਡਿੱਠਾ ਨਹੀਂ ਛੱਡਿਆ ਜਾਵੇਗਾ ਅਤੇ ਹਰ ਸੰਭਵ ਸਹਾਇਤਾ ਯਕੀਨੀ ਬਣਾਈ ਜਾਵੇਗੀ | ਵਿਧਾਇਕ ਨੇ ਇਹ ਵੀ ਕਿਹਾ ਕਿ ਬਰਸਾਤ ਕਾਰਨ ਪ੍ਰਭਾਵਿਤ ਖੇਤਰਾਂ ਵਿਚ ਸਿਹਤ ਸਹੂਲਤਾਂ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ | ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |