ਸ੍ਰੀ ਅਨੰਦਪੁਰ ਸਾਹਿਬ, 6 ਸਤੰਬਰ (ਕਰਨੈਲ ਸਿੰਘ)-ਅੱਜ ਤੜਕਸਾਰ ਹੋਈ ਭਾਰੀ ਬਰਸਾਤ ਤੋਂ ਬਾਅਦ ਸਤਲੁਜ ਦਰਿਆ 'ਚ ਖੱਡਾਂ, ਨਾਲਿਆਂ ਅਤੇ ਸਵਾ ਨਦੀ ਦੇ ਆਏ ਪਾਣੀ ਨਾਲ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਲੋਧੀਪੁਰ ਕੋਲੋਂ ਸਤਲੱੁਜ ਦਰਿਆ ਦੇ ਬੰਨ੍ਹ ਨਾਲ ਲਗਾਈ ਕਰੇਟ ਵਾਲ ਮੁੜ ਬੈਠ ਜਾਣ ਕਰਕੇ ਲਗਾਲੇ ਪਿੰਡਾਂ ਦੇ ਲੋਕਾਂ ਦੀਆਂ ਚਿੰਤਾਵਾਂ ਮੁੜ ਵਧ ਗਈਆਂ ਹਨ | ਪਿੰਡ ਦੇ ਸਰਪੰਚ ਬਾਬੂ ਰਾਮ, ਹਰਜਾਪ ਸਿੰਘ, ਗੁਰਨਾਮ ਸਿੰਘ, ਪ੍ਰਦੀਪ ਕੁਮਾਰ ਆਦਿ ਨੇ ਦੱਸਿਆ ਕੁਝ ਦਿਨ ਪਹਿਲਾਂ ਸਤਲੁੱਜ ਦਰਿਆ ਦੇ ਪਾਣੀ ਦੇ ਨਾਲ ਪਿੰਡ ਲੋਦੀਪੁਰ ਦਰਿਆ ਕਿਨਾਰੇ ਲਗਾਏ ਗਏ ਕਈ ਥਾਵਾਂ ਤੋਂ ਡੰਗੇ ਧਸ ਗਏ ਸੀ ਅਤੇ ਉਸ ਤੋਂ ਬਾਅਦ ਪਿੰਡ ਲੋਦੀਪੁਰ ਵਾਸੀਆਂ ਅਤੇ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਇਸ ਪਾਸੇ ਮਿੱਟੀ ਦੀਆਂ ਬੋਰੀਆਂ ਭਰ ਕੇ ਲਗਾਈਆਂ ਗਈਆਂ ਸਨ | ਪਰ ਅੱਜ ਹੋਈ ਭਾਰੀ ਬਰਸਾਤ ਦੇ ਆਏ ਪਾਣੀ ਦੇ ਨਾਲ ਜਿੱਥੇ ਲਗਾਈਆਂ ਬੋਰੀਆਂ ਨੂੰ ਨੁਕਸਾਨ ਪੁੱਜ ਰਿਹਾ ਹੈ, ਉੱਥੇ ਹੀ ਆਸ ਪਾਸ ਦੇ ਪੱਥਰਾਂ ਦੇ ਕਰੇਟ ਵਾਲ ਵੀ ਬੈਠ ਰਹੇ ਹਨ | ਉਨ੍ਹਾਂ ਦੱਸਿਆ ਕਿ ਹੁਣ ਵੀ ਕਾਫੀ ਪਾਣੀ ਇਨ੍ਹਾਂ ਕਰੇਟ ਵਾਲਾਂ 'ਚੋਂ ਨਿਕਲਦਾ ਪਿੰਡ ਦੀ ਜਮੀਨ 'ਚ ਲਗਾਤਾਰ ਆ ਰਿਹਾ ਹੈ ਜਿਸ ਨਾਲ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ, ਉਨ੍ਹਾਂ ਦੱਸਿਆ ਕਿ ਬੀਤੇ ਕੱਲ ਪਿੰਡ ਵਾਸੀਆਂ ਵਲੋਂ ਪਿੰਡ ਲੋਦੀਪੁਰ ਦੋਲਾ ਬਸਤੀ ਦੇ ਨਜ਼ਦੀਕ ਮਿੱਟੀ ਦੀਆਂ ਬੋਰੀਆਂ ਭਰ ਕੇ ਲਗਾਈਆਂ ਸੀ ਕਿਉਂਕਿ ਉਸ ਸਥਾਨ 'ਤੇ ਵੀ ਲਗਾਤਾਰ ਸਤਲੁੱਜ ਦਰਿਆ ਦੇ ਪਾਣੀ ਦੇ ਨਾਲ ਜਮੀਨ ਨੂੰ ਖੋਰਾ ਲੱਗ ਰਿਹਾ ਸੀ | ਉਨ੍ਹਾਂ ਕਿਹਾ ਕਿ ਜੇਕਰ ਇਸ ਪਾਸੇ ਤੋਂ ਦਰਿਆ ਦਾ ਪਾਣੀ ਆ ਜਾਂਦਾ ਹੈ ਤਾਂ ਅੱਗੇ ਅੱਧੀ ਦਰਜਨ ਤੋਂ ਕਰੀਬ ਪਿੰਡ ਨਿੱਕੂਵਾਲ, ਮਟੋਰ ਬੱਲੋਵਾਲ, ਹਰੀਵਾਲ, ਮਹਿੰਦਲੀ ਕਲਾ, ਗੱਜਪੁਰ ਆਦਿ ਪਿੰਡਾਂ ਨੂੰ ਭਾਰੀ ਨੁਕਸਾਨ ਪਹੁੰਚਾਏਗਾ , ਉਨ੍ਹਾਂ ਨੇ ਮੰਗ ਕੀਤੀ ਕਿ ਸਤਲੁੱਜ ਦਰਿਆ ਕਿਨਾਰੇ ਇਨ੍ਹਾਂ ਨਾਜੁਕ ਸਥਾਨਾਂ 'ਤੇ ਹੋਰ ਮਿੱਟੀ ਦੀਆਂ ਬੋਰੀਆਂ ਭਰ ਕੇ ਲਗਾਈਆਂ ਜਾਣ |