ਸੁਖਸਾਲ, 6 ਸਤੰਬਰ (ਧਰਮ ਪਾਲ)-ਪ੍ਰਸ਼ਾਸਨ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹੈ, ਕਿਸੇ ਵੀ ਲੋੜਵੰਦ ਨੂੰ ਉਸ ਦੀ ਜਰੂਰਤ ਅਨੁਸਾਰ ਸਾਮਾਨ ਦਿੱਤਾ ਜਾ ਰਿਹਾ ਹੈ, ਜਲਦ ਹੀ ਹਾਲਤ ਸੁਖਾਵੇਂ ਹੋ ਜਾਣਗੇ ਅਤੇ ਸਭ ਆਪਣੇ ਘਰੋ-ਘਰ ਪਰਤ ਕੇ ਆਮ ਵਰਗਾ ਜੀਵਨ ਬਤੀਤ ਕਰਨਗੇ | ਇਹ ਪ੍ਰਗਟਾਵਾ ਚੰਦਰ ਜਯੋਤੀ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ ਨੇ ਪਲਾਸੀ, ਸਿੰਘਪੁਰਾ, ਭਨਾਮ, ਬੇਲਾ ਧਿਆਨੀ ਦੇ ਰਾਹਤ ਕੈਂਪ ਵਿਚ ਮੋਜੂਦ ਲੋਕਾਂ ਨੂੰ ਰਾਹਤ ਸਮੱਗਰੀ ਵੱਡਣ ਮੌਕੇ ਕੀਤਾ | ਉਨ੍ਹਾਂ ਨੇ ਕਿਹਾ ਕਿ ਕੁਦਰਤੀ ਆਫਤ ਦੇ ਅੱਗੇ ਕਿਸੇ ਦਾ ਜੋਰ ਨਹੀ ਹੈ, ਪ੍ਰੰਤੂ ਪ੍ਰਸਾਸ਼ਨ ਵਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ, ਲੋਕਾਂ ਲਈ ਰਾਹਤ ਕੈਂਪ ਵਿਚ ਸਾਰੀਆਂ ਸਹੂਲਤਾਂ ਮੋਜੂਦ ਹਨ, ਨੀਵੇ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਇਨ੍ਹਾਂ ਕੈਂਪਾਂ ਵਿਚ ਸ਼ਿਫਟ ਕੀਤਾ ਗਿਆ ਹੈ, ਉਨ੍ਹਾਂ ਦੀ ਸਿਹਤ ਜਾਂਚ ਅਤੇ ਇਲਾਜ ਲਈ ਮੈਡੀਕਲ ਟੀਮਾ ਲਗਾਈਆਂ ਹੋਇਆ ਹਨ ਜੋ ਮੁਫਤ ਇਲਾਜ ਤੇ ਦਵਾਈਆ ਦਾ ਪ੍ਰਬੰਧ ਕਰ ਰਹੇ ਹਨ | ਉਨਾਂ ਕਿਹਾ ਕਿ ਗੰਭੀਰ ਸਥਿਤੀ ਵਿਚ ਸਰਕਾਰੀ ਐਮਬੂਲੈਂਸ ਰਾਹੀ ਹਸਪਤਾਲ ਵਿਚ ਲਿਆ ਕੇ ਇਲਾਜ ਕੀਤਾ ਜਾ ਰਿਹਾ ਹੈ, ਪਸ਼ੂਆਂ ਲਈ ਵੀ ਵੈਟਨਰੀ ਡਾਕਟਰ ਤਾਇਨਾਤ ਕੀਤੇ ਹੋਏ ਹਨ | ਲੋਕਾਂ ਨੂੰ ਰੈਸਕਿਊ ਕਰਨ ਲਈ ਕਿਸ਼ਤੀਆਂ ਦਾ ਪ੍ਰਬੰਧ ਹੈ, ਸਾਰੇ ਵਿਭਾਗ ਜਲ ਸਪਲਾਈ ਤੇ ਸੈਨੀਟੇਸ਼ਨ, ਪਾਵਰਕਾਮ ਆਦਿ ਆਪਣੇ ਕੰਮਾਂ ਵਿਚ ਜੁਏ ਹੋਏ ਹਨ | ਇਸ ਮੌਕੇ ਸਚਿਨ ਪਾਠਕ ਐਸ.ਡੀ.ਐਮ ਨੇ ਕਿਹਾ ਕਿ ਇਸ ਉਪ ਮੰਡਲ ਦੇ ਪ੍ਰਭਾਵਿਤ ਹਰ ਪਿੰਡ 'ਚ ਉਹ ਲਗਾਤਾਰ ਦੌਰੇ ਕਰ ਰਹੇ ਹਨ, ਦਿਨ ਰਾਤ ਚੌਕਸੀ ਰੱਖੀ ਜਾ ਰਹੀ ਹੈ, ਦਰਿਆਵਾਂ ਨਹਿਰਾਂ ਦੇ ਕੰਢਿਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਪਹਿਲਾਂ ਵੀ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਐਸ.ਐਸ.ਪੀ ਗੁਲਨੀਤ ਖੁਰਾਨਾ ਦੌਰਾ ਕਰ ਚੁੱਕੇ ਹਨ | ਇਸ ਮੌਕੇ ਗੁਰਦੀਪ ਸਿੰਘ ਕਾਰਜ ਸਾਧਕ ਅਫਸਰ, ਮੁਕੇਸ਼ ਸ਼ਰਮਾ ਸੁਪਰਡੈਂਟ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ |