ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ਹੇਠ ਨਗਰ ਕੌਂਸਲ ਰੂਪਨਗਰ ਦੀ ਮੀਟਿੰਗ ਹੋਈ, ਜਿਸ ਵਿਚ ਸ਼ਹਿਰ ਦੇ ਵਿਕਾਸ ਲਈ 20 ਕਰੋੜ ਰੁਪਏ ਦੇ ਮਤੇ ਪਾਸ ਕੀਤੇ ਗਏ | ਮੀਟਿੰਗ ਕੌਂਸਲ ਪ੍ਰਧਾਨ ਵਿਰੁੱਧ ਪਾਸ ਹੋਏ ਬੇਭਰੋਸਗੀ ਮਤੇ ਕਾਰਨ ਰੁਕੀ ਕਾਰਵਾਈ ਤੋਂ ਬਾਅਦ ਬੁਲਾਈ ਗਈ ਸੀ | ਇਸ ਦੌਰਾਨ ਕਾਨੂੰਨੀ ਕਾਰਵਾਈ ਅਨੁਸਾਰ ਅਸ਼ੋਕ ਵਾਹੀ ਨੂੰ ਕਨਵੀਨਰ ਚੁਣਿਆ ਗਿਆ | ਮੀਟਿੰਗ ਵਿਚ ਗ਼ੈਰ ਕਾਨੂੰਨੀ ਕਲੋਨੀਆਂ ਦਾ 11 ਸਾਲ ਤੋਂ ਅਣਵਰਤੇ ਪਏ 6 ਕਰੋੜ ਰੁਪਏ ਖਰਚਣ ਦਾ ਵੀ ਫ਼ੈਸਲਾ ਹੋਇਆ | ਵਿਧਾਇਕ ਚੱਢਾ ਨੇ ਕਿਹਾ ਕਿ ਪੈਸੇ ਮੌਜੂਦ ਹੋਣ ਦੇ ਬਾਵਜੂਦ ਲੰਬਿਤ ਕੰਮ ਨਾ ਕਰਨਾ ਹੈਰਾਨੀਜਨਕ ਹੈ | ਉਨ੍ਹਾਂ ਦੱਸਿਆ ਕਿ ਹਰ ਵਾਰਡ ਵਿਚ ਬਿਨਾਂ ਕਿਸੇ ਪੱਖਪਾਤ ਤੋਂ ਕੰਮਾਂ ਲਈ ਮਤੇ ਪਾਸ ਕੀਤੇ ਗਏ ਹਨ | ਉਨ੍ਹਾਂ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਰੂਪਨਗਰ ਨੂੰ ਕਈ ਵਿਕਾਸ ਪ੍ਰੋਜੈਕਟ ਮਿਲੇ ਹਨ, ਜਿਵੇਂ ਕਿ 12 ਕਰੋੜ ਦਾ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ, 80 ਲੱਖ ਦੀ ਜ਼ਿਲ੍ਹਾ ਲਾਇਬ੍ਰੇਰੀ, 2 ਕਰੋੜ ਦੀ ਗ੍ਰਾਂਟ ਸਰਕਾਰੀ ਕਾਲਜ ਲਈ, 12.5 ਕਰੋੜ ਦਾ ਨਵਾਂ ਕਿ੍ਟੀਕਲ ਕੇਅਰ ਸੈਂਟਰ ਹਸਪਤਾਲ ਵਿਚ, ਸ਼ੈਲਟਰ ਹੋਮ, ਸਵਿਮਿੰਗ ਪੂਲ, ਓਪਨ ਜਿਮ ਤੇ ਮੁਹੱਲਾ ਕਲੀਨਿਕ ਆਦਿ | ਇਸ ਤੋਂ ਇਲਾਵਾ ਬੋਟ ਕਲੱਬ, ਰੋਇੰਗ ਅਕੈਡਮੀ ਅਤੇ ਪੋਲਿਟੈਕਨੀਕਲ ਕਾਲਜ ਨੂੰ ਮੁੜ ਚਾਲੂ ਕੀਤਾ ਗਿਆ ਹੈ | ਸ਼ਹਿਰ ਵਿਚ ਨਵੀਂ ਨਾਈਲੈਟਸ ਯੂਨੀਵਰਸਿਟੀ, ਸਕੂਲ ਆਫ਼ ਐਮੀਨੈਸ ਤੇ ਗਰਲਜ਼ ਸਕੂਲ ਲਈ ਕਰੋੜਾਂ ਦੀ ਗ੍ਰਾਂਟ ਲਿਆਂਦੀ ਗਈ ਹੈ | ਚੱਢਾ ਨੇ ਕਿਹਾ ਕਿ ਰੂਪਨਗਰ ਵਿਚ ਤੇਜ਼ੀ ਨਾਲ ਵਿਕਾਸ ਕਾਰਜ ਹੋ ਰਹੇ ਹਨ ਅਤੇ ਜਲਦ ਹੀ ਸੜਕਾਂ ਸਮੇਤ ਹੋਰ ਬੁਨਿਆਦੀ ਢਾਂਚੇ ਨੂੰ ਨਵੀਂ ਰੂਪ-ਰੇਖਾ ਦਿੱਤੀ ਜਾਵੇਗੀ | ਅੱਜ ਦੀ ਮੀਟਿੰਗ ਵਿਚ ਕੌਂਸਲਰ ਅਤੇ ਨਗਰ ਕੌਂਸਲ ਦੇ ਅਧਿਕਾਰੀ ਸ਼ਾਮਿਲ ਸਨ |
ਰੂਪਨਗਰ ਸ਼ਹਿਰ ਦੇ ਵਿਕਾਸ ਲਈ 20 ਕਰੋੜ ਦੇ ਮਤੇ ਪਾਸ <br/>
ਅਜੀਤ ਡੈਸਕ
24-09-2025