ਮੋਰਿੰਡਾ, 25 ਸਤੰਬਰ (ਤਰਲੋਚਨ ਸਿੰਘ ਕੰਗ)-ਪਿੰਡ ਰਸੂਲਪੁਰ ਵਿਖੇ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਸ੍ਰੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀ ਲਖਮਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਟੀਮ ਵਲੋਂ ਘਰ-ਘਰ ਜਾ ਕੇ ਵੈਕਟਰ ਬੋਰਨ ਸਰਵੇ ਕੀਤਾ ਗਿਆ, ਜਿਸ ਵਿਚ ਮੱਛਰਾਂ ਦੀ ਪੈਦਾਵਾਰ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਗਈ | ਉਹਨਾਂ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਿਆ ਜਾਵੇ | ਇਸੇ ਮੌਕੇ ਬੇਅੰਤ ਸਿੰਘ ਸਿਹਤ ਕਰਮਚਾਰੀ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਡੇਂਗੂ ਦੇ ਲੱਛਣ ਜਿਵੇਂ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਜੋੜਾਂ ਤੇ ਮਾਸਪੇਸ਼ੀਆਂ ਵਿਚ ਦਰਦ ਆਦਿ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਜਾਵੇ | ਇਸ ਮੌਕੇ ਮੈਡੀਕਲ ਕੈਂਪ ਦੌਰਾਨ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ | ਜਸ਼ਨਦੀਪ ਕੌਰ ਕਮਿਊਨਿਟੀ ਹੈਲਥ ਅਫਸਰ, ਗੁਰਜੀਤ ਕੌਰ, ਐੱਲ.ਐੱਚ.ਵੀ. ਸੁੰਦਰੀ ਦੇਵੀ, ਏ.ਐੱਨ.ਐੱਮ. ਪਿ੍ਯੰਕਾ ਅਤੇ ਆਸ਼ਾ ਵਰਕਰਜ਼ ਹਾਜ਼ਰ ਸਨ |