ਸ੍ਰੀ ਚਮਕੌਰ ਸਾਹਿਬ, 27 ਸਤੰਬਰ (ਜਗਮੋਹਣ ਸਿੰਘ ਨਾਰੰਗ)-ਪੰਜਾਬ ਪੈਨਸ਼ਨਰਜ਼ ਮਹਾਸੰਘ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਧਰਮਪਾਲ ਸੋਖਲ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰ ਭਵਨ ਵਿਖੇ ਹੋਈ | ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜ/ਸ ਲਛਮਣ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੈਨਸ਼ਨਰਾਂ ਦੇ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ ਗਈ ਤੇ ਅਣਗੋਲੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ ਗਈ | ਮੀਟਿੰਗ ਦੌਰਾਨ ਚਿੰਤਾ ਪ੍ਰਗਟ ਕੀਤੀ ਗਈ ਕਿ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਅੰਦਰ ਲੱਗੇ ਕੂੜੇ ਦੇ ਢੇਰਾਂ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਮੰਡਲਾ ਰਿਹਾ ਹੈ | ਜਦਕਿ 30 ਸਤੰਬਰ ਤੋਂ ਸ਼ਹਿਰ ਵਿਚ ਦਰਬਾਰ ਖ਼ਾਲਸਾ (ਦੁਸਹਿਰਾ) ਸੰਬੰਧੀ ਸਮਾਗਮ ਸ਼ੁਰੂ ਹੋ ਰਹੇ ਹਨ ਤੇ ਸਮਾਗਮ ਦੌਰਾਨ ਸੰਗਤਾਂ ਦੀ ਵੱਡੀ ਆਮਦ ਹੁੰਦੀ ਹੈ | ਮੀਟਿੰਗ ਦੌਰਾਨ ਪੈਨਸ਼ਨਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਦੇ ਵਰਕਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਇਸ ਪਵਿੱਤਰ ਨਗਰੀ ਦੀ ਪਵਿੱਤਰਤਾ ਬਰਕਰਾਰ ਰਹਿ ਸਕੇ ਅਤੇ ਸ਼ਹਿਰ ਵਿਚ ਬਿਮਾਰੀਆਂ ਫੈਲਣ ਤੋਂ ਬਚਾਅ ਹੋ ਸਕੇ | ਇਸ ਸਮੇਂ ਸੁਰਿੰਦਰਜੀਤ ਵਰਮਾ, ਪਵਨ ਕੁਮਾਰ, ਨੌਹਰੀਆ ਸਿੰਘ, ਰਾਮ ਸਿੰਘ, ਕੁਲਵੰਤ ਸਿੰਘ, ਗੁਰਦਿਆਲ ਸਿੰਘ, ਸਿਕੰਦਰ ਸਿੰਘ, ਕੈਪਟਨ ਗੁਰਦੇਵ ਸਿੰਘ, ਜਰਨੈਲ ਸਿੰਘ ਆਦਿ ਮੈਂਬਰ ਹਾਜ਼ਰ ਸਨ |