ਨੂਰਪੁਰ ਬੇਦੀ, 27 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਬਲਾਕ ਨੂਰਪੁਰ ਬੇਦੀ ਦੇ ਪਿੰਡ ਖੱਡ ਬਠਲੌਰ ਵਿਖੇ ਲਗਾਏ ਬੀ. ਐਸ. ਐਨ. ਐਲ. ਟਾਵਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੂਅਲ ਉਦਘਾਟਨ ਕੀਤਾ | ਸਮਾਗਮ ਦੌਰਾਨ ਜ਼ਿਲ੍ਹਾ ਰੂਪਨਗਰ ਭਾਜਪਾ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਲਾਲਪੁਰਾ ਨੇ ਇਸ ਇਤਿਹਾਸਕ ਪਹਿਲ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ | ਲਾਲਪੁਰਾ ਨੇ ਕਿਹਾ ਕਿ ਇਹ ਸੁਵਿਧਾ ਪਿੰਡ ਵਾਸੀਆਂ ਲਈ ਦੀਵਾਲੀ ਦਾ ਤੋਹਫ਼ਾ ਹੈ, ਜੋ ਨਾ ਕੇਵਲ ਖੱਡ ਬਠਲੌਰ ਬਲਕਿ ਨੇੜਲੇ ਕਈ ਪਿੰਡਾਂ ਨੂੰ ਵੀ ਡਿਜੀਟਲ ਯੁੱਗ ਨਾਲ ਜੋੜੇਗੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਅੱਜ ਹਰ ਕੋਨੇ ਵਿਚ ਵਿਕਾਸ ਤੇ ਆਤਮਨਿਰਭਰ ਭਾਰਤ ਦਾ ਸੰਦੇਸ਼ ਪਹੁੰਚਾ ਰਹੀ ਹੈ | ਲਾਲਪੁਰਾ ਨੇ ਕਿਹਾ ਕਿ ਹੁਣ ਨੈੱਟਵਰਕ ਸੁਵਿਧਾ ਦੇ ਆਉਣ ਨਾਲ ਨਾ ਸਿਰਫ਼ ਨੌਜਵਾਨਾਂ ਨੂੰ ਸਿੱਖਿਆ ਦੇ ਨਵੇਂ ਮੌਕੇ ਮਿਲਣਗੇ, ਬਲਕਿ ਸਿਹਤ ਸੇਵਾਵਾਂ ਤੱਕ ਆਨਲਾਈਨ ਪਹੁੰਚ, ਕਿਸਾਨਾਂ ਲਈ ਆਧੁਨਿਕ ਤਕਨਾਲੋਜੀ ਦਾ ਉਪਯੋਗ ਤੇ ਰੋਜ਼ਗਾਰ ਦੇ ਨਵੇਂ ਸਾਧਨ ਵੀ ਖੁਲ੍ਹਣਗੇ | ਇਹ ਤਬਦੀਲੀ ਪਿੰਡਾਂ ਦੇ ਜੀਵਨ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ | ਉਨ੍ਹਾਂ ਭਰੋਸਾ ਜਤਾਇਆ ਕਿ ਜਦੋਂ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ ਤਾਂ ਪੂਰਾ ਪੰਜਾਬ ਵਿਕਾਸ ਤੇ ਰੋਜ਼ਗਾਰ ਦੇ ਨਵੇਂ ਰਸਤੇ 'ਤੇ ਅੱਗੇ ਵਧੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਲੰਮੇ ਸਮੇਂ ਤੋਂ ਬਦਲਾਅ ਚਾਹੁੰਦੀ ਹੈ ਅਤੇ ਭਾਜਪਾ ਹੀ ਉਹ ਵਿਕਲਪ ਹੈ ਜੋ ਪੰਜਾਬ ਨੂੰ ਇੱਕ ਨਵੇਂ ਰੂਪ ਵਿਚ ਢਾਲ ਸਕਦੀ ਹੈ | ਖੱਡ ਬਠਲੌਰ ਪਿੰਡ ਦਾ ਇਹ ਪ੍ਰੋਗਰਾਮ ਸਿਰਫ਼ ਇਕ ਨੈੱਟਵਰਕ ਟਾਵਰ ਦਾ ਉਦਘਾਟਨ ਨਹੀਂ, ਬਲਕਿ ਪੇਂਡੂ ਵਿਕਾਸ ਦੀ ਦਿਸ਼ਾ ਵਿਚ ਇਕ ਵੱਡੇ ਸੰਕਲਪ ਦਾ ਪ੍ਰਤੀਕ ਬਣ ਗਿਆ | ਇਸ ਮੌਕੇ ਧਰਮਿੰਦਰ ਸਿੰਘ ਭਿੰਦਾ, ਗੁਰਚੈਨ ਸਿੰਘ, ਪ੍ਰਕਾਸ਼ ਚੰਦ ਸਿੰਘ, ਤੀਰਥ ਰਾਮ, ਪਰਮਾਨੰਦ, ਮਿੰਦਰ ਸਿੰਘ, ਬਾਬਾ ਜਰਨੈਲ ਸਿੰਘ, ਨੰਦ ਲਾਲ, ਹੇਮ ਰਾਜ, ਸ਼ਿੰਦਰ ਪਾਲ, ਰੌਸ਼ਨ ਲਾਲ ਆਦਿ ਹਾਜ਼ਰ ਸਨ |