ਰੂਪਨਗਰ, 19 ਅਕਤੂਬਰ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰੋਪੜ ਵਿਖੇ ਪਿ੍ੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਹੋਮ ਸਾਇੰਸ ਵਿਭਾਗ ਵਲੋਂ ਦੀਵਾਲੀ ਮੇਲਾ ਕਰਵਾਇਆ ਗਿਆ | ਇਸ ਮੇਲੇ ਵਿਚ ਵਿਦਿਆਰਥੀਆਂ ਨੇ ਆਪਣੇ ਹੁਨਰ ਨਾਲ ਬਣਾਈਆਂ ਪੌਸ਼ਟਿਕ ਮਿਠਾਈਆਂ, ਮੋਮਬੱਤੀਆਂ ਅਤੇ ਘਰ ਸਜਾਵਟੀ ਕਲਾਕਿ੍ਤੀਆਂ ਦੀ ਪ੍ਰਦਰਸ਼ਨੀ ਲਗਾਈ ਅਤੇ ਵਸਤਾਂ ਦੀ ਵਿੱਕਰੀ ਵੀ ਕੀਤੀ | ਮੇਲੇ ਦੀ ਸ਼ੁਰੂਆਤ ਪਿ੍ੰਸੀਪਲ ਡਾ. ਗਿੱਲ ਨੇ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੇਂ ਯੁੱਗ ਵਿਚ ਸਵੈ-ਰੁਜ਼ਗਾਰ ਲਈ ਹੁਨਰਮੰਦ ਬਣਨਾ ਬਹੁਤ ਜ਼ਰੂਰੀ ਹੈ | ਵਿਭਾਗ ਮੁਖੀ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਗਰੀਨ ਦੀਵਾਲੀ ਥੀਮ ਆਧਾਰਤ ਪੋਸਟਰ ਮੇਕਿੰਗ, ਕੋਲਾਜ, ਕਾਰਟੂਨਿੰਗ ਅਤੇ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਵਾਈਸ ਪਿ੍ੰਸੀਪਲ ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ, ਡਾ. ਦਲਵਿੰਦਰ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ, ਸ੍ਰੀਮਤੀ ਪ੍ਰਵੀਨ ਚੌਧਰੀ, ਸ੍ਰੀਮਤੀ ਨੀਲਮ ਰਾਣੀ, ਰਾਜ ਕੁਮਾਰ ਸਮੇਤ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |