ਕਾਹਨਪੁਰ ਖੂਹੀ, 31 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਪਾਵਰ ਕਾਮ ਅਪ੍ਰੈਂਟਿਸ ਪਾਸ ਯੂਨੀਅਨ, ਪੰਜਾਬ ਦੇ ਅਹੁਦੇਦਾਰਾਂ ਨੇ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦੇ ਰੋਸ ਵਜੋਂ ਪੀ. ਐੱਸ. ਪੀ. ਸੀ. ਐੱਲ. ਦੇ ਮੁੱਖ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ | ਇਸ ਸਬੰਧੀ ਪੈੱ੍ਰਸ ਨੋਟ ਜਾਰੀ ਕਰਦਿਆਂ ਬੇਰੁਜ਼ਗਾਰ ਸਹਾਇਕ ਲਾਈਨਮੈਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਮਹਿਕਮੇ ਵਲੋਂ 3000 ਪੋਸਟਾਂ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਲਈ ਬਿਨੈਕਾਰਾਂ ਦੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਵੀ ਮਹਿਕਮੇ ਵਲੋਂ ਕਰਵਾਈ ਜਾ ਚੁੱਕੀ ਹੈ | ਸਾਰੀ ਚੋਣ ਪ੍ਰਕਿਰਿਆ ਪੂਰੀ ਹੋ ਜਾਣ ਉਪਰੰਤ ਵੀ ਬਿਨੈਕਾਰਾਂ ਨੂੰ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਵੰਡੇ ਗਏ | ਪੰਜਾਬ ਦੇ ਬਿਜਲੀ ਮੰਤਰੀ ਵਲੋਂ ਵੀ ਉਕਤ ਭਰਤੀ ਨੂੰ 15 ਅਕਤੂਬਰ ਤੱਕ ਮੁਕੰਮਲ ਕਰ ਲੈਣ ਦਾ ਐਲਾਨ ਵੀ ਕੀਤਾ ਗਿਆ ਸੀ, ਜਿਸਨੂੰ ਅਜੇ ਤੱਕ ਬੂਰ ਨਹੀਂ ਪਿਆ | ਇਸ ਸਬੰਧੀ ਯੂਨੀਅਨ ਆਗੂਆਂ ਵਲੋਂ ਜਦੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰੀ ਪ੍ਰਕਿਰਿਆ ਤਿਆਰ ਹੈ, ਪਰ ਮੁੱਖ ਮੰਤਰੀ ਪੰਜਾਬ ਵਲੋਂ ਹੀ ਨਿਯੁਕਤੀ ਪੱਤਰ ਦੇਣ ਦਾ ਸਮਾਂ ਜਾਰੀ ਨਹੀਂ ਕੀਤਾ ਜਾ ਰਿਹਾ | ਜਿਸਦੇ ਰੋਸ ਵਜੋਂ ਜਥੇਬੰਦੀ ਨੇ ਐਲਾਨ ਕੀਤਾ ਕਿ 3 ਨਵੰਬਰ ਨੂੰ ਪੀ. ਐੱਸ. ਪੀ. ਸੀ. ਐੱਲ. ਦੇ ਮੁੱਖ ਗੇਟ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਐਲਾਨ ਕੀਤਾ ਕਿ ਇਸ ਘਿਰਾਓ ਦੌਰਾਨ ਹਰ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਮੈਨੇਜਮੈਂਟ ਦੀ ਹੋਵੇਗੀ |