ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰੋਪੜ ਵਲੋਂ ਪਿ੍ੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਇਕ ਰੋਜ਼ਾ ਵਿੱਦਿਅਕ ਟੂਰ ਸ੍ਰੀ ਚਮਕੌਰ ਸਾਹਿਬ ਲਈ ਕਰਵਾਇਆ | ਟੂਰ ਦੌਰਾਨ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਤੇ ਐਨ. ਐਸ. ਐਸ. ਵਲੰਟੀਅਰਾਂ ਸਮੇਤ ਕੁਲ 70 ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਮਹੱਤਵਪੂਰਨ ਸਥਾਨਾਂ ਦੇ ਦਰਸ਼ਨ ਕੀਤੇ | ਜਿਨ੍ਹਾਂ 'ਚ ਕੱਚੀ ਗੜੀ ਚਮਕੌਰ ਦੀ, ਗੁਰਦੁਆਰਾ ਕਤਲਗੜ੍ਹ ਸਾਹਿਬ ਸਮੇਤ ਹੋਰ ਇਤਿਹਾਸਿਕ ਗੁਰੂ ਘਰ ਤੇ ਸਿੱਖ ਇਤਿਹਾਸ ਨੂੰ ਦਰਸਾਉਂਦਾ ਸਮਾਰਕ 'ਦਾਸਤਾਂਨ-ਏ-ਸ਼ਹਾਦਤ' ਦੇਖੇ ਜਿਥੇ ਵਿਦਿਆਰਥੀਆਂ ਨੇ ਇਤਿਹਾਸਕ ਵਿਸ਼ਿਆਂ ਨੂੰ ਨਜ਼ਦੀਕ ਹੋ ਕੇ ਸਮਝਿਆ ਅਤੇ ਸਿੱਖ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਹਾਸਿਲ ਕੀਤੀ | ਪ੍ਰੋ. ਚੰਦਰ ਗੁਪਤ ਨੇ ਗੁਰੂ ਸਾਹਿਬਾਨ ਦੇ ਜੀਵਨ, ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ 3ਡੀ ਐਨੀਮੇਸ਼ਨ ਫ਼ਿਲਮਾਂ ਰਾਹੀਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਪਿ੍ੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਅਤੇ ਵਿਰਾਸਤ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਤੇ ਟੂਰ ਨੂੰ ਸਫਲ ਬਣਾਉਣ ਵਾਲੇ ਪ੍ਰੋ. ਜਗਜੀਤ ਸਿੰਘ, ਪ੍ਰੋ. ਕੀਰਤੀ ਭਾਗੀਰਥ, ਪ੍ਰੋ. ਮਨਦੀਪ ਕੌਰ ਅਤੇ ਪ੍ਰੋ. ਗੁਰਪ੍ਰੀਤ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ |