ਰੂਪਨਗਰ, 22 ਨਵੰਬਰ (ਸਤਨਾਮ ਸਿੰਘ ਸੱਤੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਨੇ ਤੜਕਸਾਰ ਰੋਪੜ ਹੈੱਡਵਰਕਸ 'ਤੇ 90 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਸੁੰਦਰੀਕਰਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ | ਇਸ ਪ੍ਰਾਜੈਕਟ ਨਾਲ ਹੈੱਡਵਰਕਸ ਦੀ ਸੁੰਦਰਤਾ ਵਿਚ ਨਿਖਾਰ ਤੇ ਸਹੂਲਤਾਂ ਵਿਚ ਮਹੱਤਵਪੂਰਨ ਵਾਧਾ ਹੋਵੇਗਾ | ਵਿਧਾਇਕ ਚੱਢਾ ਨੇ ਦੱਸਿਆ ਕਿ ਪ੍ਰਾਜੈਕਟ ਤਹਿਤ ਅਧੁਨਿਕ ਲਾਈਟਿੰਗ, ਲੈਂਡਸਕੇਪਿੰਗ, ਨਵੇਂ ਵਾਕਿੰਗ ਟਰੈਕ ਦੀ ਤਿਆਰੀ ਤੇ ਓਪਨ ਜਿੰਮ ਵਰਗੀਆਂ ਨਵੀਆਂ ਸਹੂਲਤਾਂ ਜੋੜੀਆਂ ਜਾਣਗੀਆਂ, ਜਿਸ ਨਾਲ ਇਲਾਕੇ ਦੇ ਨਿਵਾਸੀਆਂ, ਵਾਕਰਜ਼ ਤੇ ਸੈਲਾਨੀਆਂ ਨੂੰ ਸੁਹਾਵਣਾ ਤੇ ਸੁਵਿਧਾਜਨਕ ਵਾਤਾਵਰਣ ਮਿਲੇਗਾ | ਉਨ੍ਹਾਂ ਕਿਹਾ ਕਿ ਰੂਪਨਗਰ ਹੈੱਡਵਰਕਸ ਸ਼ਹਿਰ ਦੀ ਪਛਾਣ ਹੈ ਅਤੇ ਇਸ ਦੀ ਰੌਣਕ ਵਧਾਉਣ ਲਈ ਇਹ ਕਦਮ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਭਰ ਵਿਚ ਵਿਕਾਸ ਦੇ ਨਵੇਂ ਮਾਪਦੰਡ ਸਥਾਪਤ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਵਿਕਾਸਕਾਰੀ ਕੰਮ ਹੋਰ ਤੇਜ਼ੀ ਨਾਲ ਮੁਕੰਮਲ ਹੋਣਗੇ | ਇਸ ਮੌਕੇ ਕਾਰਜਕਾਰੀ ਇੰਜੀਨੀਅਰ ਕੈਨਾਲ ਹੈੱਡਵਰਕਸ ਦਮਨਦੀਪ ਸਿੰਘ ਗਿੱਲ, ਨਗਰ ਕੌਂਸਲ ਪ੍ਰਧਾਨ ਅਸ਼ੋਕ ਵਾਹੀ, ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਚੇਅਰਮੈਨ ਭਾਗ ਸਿੰਘ ਮਦਾਨ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਮੁਲਾਜ਼ਮ ਆਗੂ ਬਨਵਾਰੀ ਲਾਲ ਮੱਟੂ, ਸੀਨੀਅਰ ਸਿਟੀਜ਼ਨਜ਼ ਫੋਰਮ ਦੇ ਮੈਂਬਰ ਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |