ਖਰੜ, 23 ਨਵੰਬਰ (ਗੁਰਮੁੱਖ ਸਿੰਘ ਮਾਨ)-ਗਿਲਕੋ ਇੰਟਰਨੈਸ਼ਨਲ ਸਕੂਲ ਖਰੜ ਦਾ ਦੋ ਰੋਜ਼ਾ ਸਲਾਨਾ ਸਮਾਗਮ ਸਮਾਪਤ ਹੋ ਗਿਆ | ਸਮਾਗਮ 'ਚ ਰਾਜ ਸਭਾ ਮੈਂਬਰ ਤੇ ਚੰਡੀਗੜ੍ਹ ਯੂਨਵਰਸਿਟੀ ਘੜੂੰਆਂ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਦੀਪ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਟੈਕਨਾਲੋਜੀ ਖੇਤਰ 'ਚ ਗਿਲਕੋ ਇੰਟਰਨੈਸ਼ਨਲ ਸਕੂਲ ਖਰੜ ਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਮਿਲ ਕੇ ਕੰਮ ਕਰਨਗੇ, ਕਿਉਂਕਿ ਅੱਜ ਦੇ ਸਮਾਗਮ 'ਚ ਬੱਚਿਆਂ ਦੇ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਦੇ ਹੁਨਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦਾ ਮਿਸ਼ਨ ਸਮਾਜ ਲਈ ਕੁਝ ਕਰਨ ਦਾ ਹੈ | ਉਨ੍ਹਾਂ ਕਿਹਾ ਕਿ ਸਕੂਲ ਤੋਂ ਨਿਕਲਣ ਵਾਲੇ ਵਿਦਿਆਰਥੀ ਦੇਸ਼ ਨੂੰ ਅੱਗੇ ਲੈ ਕੇ ਜਾਣਗੇ | ਉਨ੍ਹਾਂ ਕਿਹਾ ਕਿ ਸਕੂਲੀ ਸਿੱਖਿਆ ਸੁਪਨਾ ਸਕਾਰ ਕਰਨ ਦੀ ਬੁਨਿਆਦ ਰੱਖਦੀ ਹੈ ਤੇ ਜੇਕਰ ਸਕੂਲ ਤੇ ਹਾਇਰ ਐਜੂਕੇਸ਼ਨ ਇਕੋ ਸਿਸਟਮ ਮਿਲ ਕੇ ਕੰਮ ਕਰਨ ਤਾਂ ਇਸ ਨਾਲ ਚੰਗੇ ਨਤੀਜੇ ਆਉਣ ਦੀ ਜਿਆਦਾ ਸੰਭਾਵਨਾ ਪੈਦਾ ਹੁੰਦੀ ਹੈ | ਇਸ ਦੌਰਾਨ ਸਕੂਲ ਦੇ ਚੇਅਰਮੈਨ ਰਣਜੀਤ ਸਿੰਘ ਗਿੱਲ ਨੇ ਚੰਡੀਗੜ੍ਹ ਯੂਨੀਵਰਸਿਟੀ ਤੇ ਗਿਲਕੋ ਇੰਟਰਨੈਸ਼ਨਲ ਸਕੂਲ ਨਾਲ ਮਿਲ ਕੇ ਕੰਮ ਕਰਨ ਲਈ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸੰਧੂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਗਿਲਕੋ ਇੰਟਰਨੈਸ਼ਨਲ ਸਕੂਲ ਕੁਆਲਿਟੀ ਐਜੂਕੇਸ਼ਨ ਲਈ ਕੰਮ ਕਰਦਾ ਹੈ ਤੇ ਹਮੇਸ਼ਾ ਚੰਗੀ ਸਿੱਖਿਆ ਲਈ ਵਚਨਵੱਧ ਰਹੇਗਾ | ਸਮਾਗਮ 'ਚ ਟਰੱਸਟੀ ਪਰਮਜੀਤ ਕੌਰ ਗਿੱਲ, ਪਿ੍ੰਸੀਪਲ ਡਾ. ਕਿ੍ਤੀਕਾ ਕੌਸ਼ਿਕ, ਡਾਇਰੈਕਟਰ ਜੈ ਕੌਰ ਗਿੱਲ, ਵਾਈਸ ਪਿ੍ੰਸੀਪਲ ਸ਼ਿਵ ਸ਼ੰਕਰ ਪੌਲ, ਹੈੱਡ ਮਿਸਟਰਸ ਗੁਰਸਿਮਰਨ ਕੌਰ ਸਮੇਤ ਸਕੂਲ ਦੇ ਸਟਾਫ ਮੈਂਬਰ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |