ਰੂਪਨਗਰ, 7 ਦਸੰਬਰ (ਸਤਨਾਮ ਸਿੰਘ ਸੱਤੀ)-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸੇਵਾ ਸੁਸਾਇਟੀ ਜ਼ਿਲ੍ਹਾ ਰੂਪਨਗਰ ਵਲੋਂ ਅੰਬੇਡਕਰ ਭਵਨ ਰੂਪਨਗਰ ਵਿਚ ਪ੍ਰੀ-ਨਿਵਾਰਣ ਦਿਵਸ ਸ਼ਰਧਾ ਤੇ ਸਮਰਪਣ ਨਾਲ ਮਨਾਇਆ | ਇਸ ਦੀ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਕਰਮ ਸਿੰਘ ਡੱਲਾ ਵਲੋਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ | ਉਹ ਪਹਿਲੇ ਦਲਿਤ ਭਾਰਤੀ ਸਨ ਜਿਨ੍ਹਾਂ ਨੇ 1907 ਵਿਚ ਮੈਟਿ੍ਕ ਪਾਸ ਕੀਤੀ | ਉਨ੍ਹਾਂ ਨੇ ਆਪਣੇ ਜੀਵਨ 'ਚ ਲਗਪਗ 32 ਡਿਗਰੀਆਂ ਹਾਸਿਲ ਕੀਤੀਆਂ ਅਤੇ 1919 ਤੋਂ 26 ਨਵੰਬਰ 1949 ਤੱਕ ਭਾਰਤ ਦੇ ਦਲਿਤਾਂ ਅਤੇ ਪਿਛੜੇ ਵਰਗਾਂ ਦੀ ਉੱਨਤੀ ਲਈ ਅਹਿਮ ਸੰਘਰਸ਼ ਕੀਤਾ | ਕਰਮ ਸਿੰਘ ਡੱਲਾ ਨੇ ਦੱਸਿਆ ਕਿ ਬਾਬਾ ਸਾਹਿਬ ਦੁਆਰਾ ਤਿਆਰ ਕੀਤਾ ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ | ਇਸ ਸੰਵਿਧਾਨ ਵਿਚ ਖ਼ਾਸ ਤੌਰ 'ਤੇ ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗਾਂ ਦੀ ਉੱਨਤੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਡਾ. ਅੰਬੇਡਕਰ ਨੂੰ ਭਾਰਤੀ ਸੰਵਿਧਾਨ ਦਾ ਨਿਰਮਾਤਾ ਅਤੇ ਦੇਸ਼ ਵਿਚ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਬਰਾਬਰੀ ਦੇ ਅਧਿਕਾਰਾਂ ਦੇ ਰੂਪਕਾਰ ਵਜੋਂ ਜਾਣਿਆ ਜਾਂਦਾ ਹੈ | ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਉਨ੍ਹਾਂ ਦੁਆਰਾ ਲਿਖੇ ਸੰਵਿਧਾਨ ਦੀਆਂ ਦਿਸ਼ਾ-ਨਿਰਦੇਸ਼ਿਕਾਂ ਅਨੁਸਾਰ ਜੀਵਨ ਬਤੀਤ ਕਰੀਏ | ਸਮਾਗਮ 'ਚ ਪ੍ਰਧਾਨ ਕਰਮ ਸਿੰਘ ਡੱਲਾ ਸਮੇਤ ਕਾਨੂੰਨੀ ਸਲਾਹਕਾਰ ਸੀਨੀਅਰ ਐਡਵੋਕੇਟ ਚਰਨਜੀਤ ਸਿੰਘ, ਪ੍ਰੇਮ ਸਿੰਘ ਡੱਲਾ, ਲਾਭ ਸਿੰਘ, ਐਸ. ਡੀ. ਓ. ਛੋਟਾ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ ਸੰਧੂ, ਦਰਸ਼ਨ ਸਿੰਘ ਸਮਰਾਲਾ, ਸ਼ੰਕਰ ਕੁਮਾਰ, ਬਲਵੀਰ ਸਿੰਘ, ਸਿਮਰਨਜੋਤ ਕੌਰ ਹੁਸੈਨਪੁਰ, ਸੰਤੋਸ਼ ਸੈਣੀ, ਬੁੱਧ ਸਿੰਘ, ਜਸਪਾਲ ਸਿੰਘ ਸ਼ਾਮਪੁਰਾ ਆਦਿ ਹਾਜ਼ਰ ਸਨ |