ਰੂਪਨਗਰ, 21 ਦਸੰਬਰ (ਸਤਨਾਮ ਸਿੰਘ ਸੱਤੀ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਲੋਕਾਂ 'ਚ ਤਰਕਸ਼ੀਲ ਸੋਚ ਨੂੰ ਫੈਲਾਉਣ ਲਈ ਚਲਾਈ ਜਾ ਰਹੀ ਤਰਕਸ਼ੀਲ ਸਾਹਿਤ ਵੈਨ ਨੇ ਇਕਾਈ ਰੋਪੜ ਵਿਖੇ ਦੋ ਦਿਨਾਂ ਦੀ ਫੇਰੀ ਦੌਰਾਨ ਅਹਿਮ ਭੂਮਿਕਾ ਨਿਭਾਈ | ਇਹ ਸਾਹਿਤ ਵੈਨ ਇਕ ਚੱਲਦੀ-ਫਿਰਦੀ ਲਾਇਬ੍ਰੇਰੀ ਵਜੋਂ ਕੰਮ ਕਰ ਰਹੀ ਹੈ, ਜਿਸ ਰਾਹੀਂ ਤਰਕਸ਼ੀਲ ਸਾਹਿਤ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ | ਇਸ ਸੰਬੰਧੀ ਤਰਕਸ਼ੀਲ ਸੁਸਾਇਟੀ ਰੋਪੜ ਦੇ ਮੀਡੀਆ ਮੁਖੀ ਹਰਵਿੰਦਰ ਸੁਖਰਾਮਪੁਰੀ ਨੇ ਦੱਸਿਆ ਕਿ ਸਾਹਿਤ ਵੈਨ ਵਲੋਂ ਦੋ ਦਿਨਾਂ ਦੌਰਾਨ ਚਾਰ ਸਕੂਲਾਂ 'ਚ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ | ਇਕਾਈ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਸਾਹਿਤ ਵੈਨ ਤਰਕਸ਼ੀਲ ਭਵਨ ਬਰਨਾਲਾ ਤੋਂ ਜ਼ੋਨ ਚੰਡੀਗੜ੍ਹ ਦੀਆਂ ਇਕਾਈਆਂ ਲਈ ਪੰਦਰਾਂ ਦਿਨਾਂ ਦੇ ਪ੍ਰਚਾਰਕ ਦੌਰੇ 'ਤੇ ਆਈ ਹੈ | ਇਕਾਈ ਰੋਪੜ ਦੇ ਦੋ ਦਿਨਾਂ ਦੇ ਦੌਰੇ ਦੌਰਾਨ ਸਾਹਿਤ ਵੈਨ ਵਲੋਂ ਚਾਰ ਸਕੂਲਾਂ ਵਿਚ ਪਹੁੰਚ ਕੀਤੀ ਗਈ | ਇਸ ਮੌਕੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 'ਚ ਸ਼ਾਮਿਲ ਹੋਣ ਵਾਲੇ ਬੱਚਿਆਂ ਨੂੰ ਸਨਮਾਨ ਪੱਤਰ ਤੇ ਕਿਤਾਬਾਂ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ | ਵਿਦਿਆਰਥੀਆਂ ਤੇ ਸਕੂਲਾਂ ਦੇ ਅਧਿਆਪਕਾਂ ਵਲੋਂ ਤਰਕਸ਼ੀਲ ਸਾਹਿਤ ਖ਼ਰੀਦਣ ਲਈ ਭਰਪੂਰ ਤੇ ਉਸਾਰੂ ਹੁੰਗਾਰਾ ਮਿਲਿਆ | ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਇਹ ਉਪਰਾਲਾ ਲੋਕਾਂ ਵਿਚ ਵਿਗਿਆਨਕ ਤੇ ਤਰਕਸ਼ੀਲ ਸੋਚ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ |