ਰੂਪਨਗਰ, 21 ਦਸੰਬਰ (ਸਤਨਾਮ ਸਿੰਘ ਸੱਤੀ)-ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਦੇ ਮੌਕੇ ਡੇਰਾ ਬਾਬਾ ਸ੍ਰੀਚੰਦ ਦੇ ਅਸਥਾਨ 'ਤੇ 9 ਰੋਜ਼ਾ ਸ਼ਹੀਦੀ ਸਮਾਗਮਾਂ ਦੀ ਸ਼ੁਰੂਆਤ ਅੱਜ 13 ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਨਾਲ ਹੋ ਗਈ | ਇਹ ਸਮਾਗਮ ਬਾਬਾ ਸ੍ਰੀਚੰਦ ਜੀ ਸੇਵਾ ਸੁਸਾਇਟੀ ਤੇ ਬਾਬਾ ਗ਼ਾਜ਼ੀ ਦਾਸ ਜੀ ਕਲੱਬ, ਰੋਡ ਮਾਜਰਾ-ਚੱਕਲਾ (ਰੂਪਨਗਰ) ਵਲੋਂ ਕਰਵਾਏ ਜਾ ਰਹੇ ਹਨ | ਮੁੱਖ ਪ੍ਰਬੰਧਕ ਦਵਿੰਦਰ ਸਿੰਘ ਬਾਜਵਾ ਪ੍ਰਧਾਨ ਬਾਬਾ ਗਾਜੀ ਦਾਸ ਕਲੱਬ ਰੂਪ ਨਗਰ ਨੇ ਦੱਸਿਆ ਕਿ ਸ਼ਹੀਦੀ ਸਭਾ ਨੂੰ ਸਮਰਪਿਤ ਇਹ ਸਮਾਗਮ 21 ਤੋਂ 29 ਦਸੰਬਰ ਤੱਕ ਚੱਲਣਗੇ, ਜਿਨ੍ਹਾਂ ਦੌਰਾਨ ਕੁੱਲ 52 ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ | ਭੰਡਾਰੇ ਉਪਰੰਤ ਸ਼ਹੀਦੀ ਸਮਾਗਮਾਂ ਦੀ ਸਮਾਪਤੀ ਹੋਵੇਗੀ | ਉਨ੍ਹਾਂ ਦੱਸਿਆ ਕਿ 24 ਤੋਂ 29 ਦਸੰਬਰ ਤੱਕ ਨਿਰੰਤਰ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ, ਜਿਸ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ | ਇਹ ਸੇਵਾਵਾਂ ਪ੍ਰਭ ਆਸਰਾ ਕੁਰਾਲੀ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਪਟਿਆਲਾ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਪ੍ਰਦਾਨ ਕੀਤੀਆਂ ਜਾਣਗੀਆਂ | ਸੰਗਤਾਂ ਦੀ ਸਹੂਲਤ ਲਈ 24 ਘੰਟੇ ਐਂਬੂਲੈਂਸ ਸੇਵਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਸ. ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦੀ ਸਭਾ ਦੇ ਪਹਿਲੇ ਦਿਨ 25 ਦਸੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਖ਼ੂਨਦਾਨੀਆਂ ਨੂੰ ਰਿਫਰੈਸ਼ਮੈਂਟ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਨਾਲ ਹੀ 9 ਦਿਨਾਂ ਤੱਕ 24 ਘੰਟੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਤਾਰ ਜਾਰੀ ਰਹਿਣਗੇ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸੜਕਾਂ 'ਤੇ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਇਹ ਹਦਾਇਤ ਕੀਤੀ ਜਾਵੇ ਕਿ ਲੰਗਰ ਛਕਾਉਣ ਲਈ ਵਾਹਨਾਂ ਨੂੰ ਜਬਰੀ ਨਾ ਰੋਕਿਆ ਜਾਵੇ, ਤਾਂ ਜੋ ਆਵਾਜਾਈ ਵਿਚ ਕੋਈ ਵਿਘਨ ਨਾ ਪਵੇ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ 1956 ਤੋਂ ਨਿਰੰਤਰ ਲੰਗਰ ਸੇਵਾ ਨਿਭਾਈ ਜਾ ਰਹੀ ਹੈ | ਮੁੱਖ ਪ੍ਰਬੰਧਕ ਦਵਿੰਦਰ ਸਿੰਘ ਬਾਜਵਾ ਤੋਂ ਇਲਾਵਾ ਭੁਪਿੰਦਰ ਸਿੰਘ, ਨੰਬਰਦਾਰ ਅਮਰਾਓ ਸਿੰਘ, ਬਾਬਾ ਸੁੱਖਾ ਸਿੰਘ, ਗੁਰਨਾਮ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ, ਨਿਹੰਗ ਸੁਖਪਾਲ ਸਿੰਘ, ਕਰਮ ਸਿੰਘ, ਬਹਾਦਰ ਸਿੰਘ ਹਿਰਦਾਪੁਰ, ਜਸਵੀਰ ਸਿੰਘ ਲਖਮੀਪੁਰ, ਜਗਰੂਪ ਸਿੰਘ, ਜੰਗਵੀਰ ਸਿੰਘ ਚੋਲਟਾ ਖੁਰਦ, ਜਗਤਾਰ ਸਿੰਘ, ਬਲਜੀਤ ਸਿੰਘ ਧੌਲਾ, ਭਾਗ ਸਿੰਘ, ਸੁੱਚਾ ਸਿੰਘ ਅਲਵਰ (ਰਾਜਸਥਾਨ) ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |