ਨੰਗਲ, 22 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਸੀ. ਪੀ. ਆਈ., ਸੀ. ਪੀ. ਆਈ. (ਐਮ) ਵਲੋਂ ਦੇਸ਼ ਵਿਆਪੀ ਸੱਦੇ ਤਹਿਤ ਮਗਨਰੇਗਾ ਕਾਨੂੰਨ, ਬਿਜਲੀ ਸੋਧ ਬਿੱਲ, ਬੀਜ ਬਿੱਲ 2025, ਚਾਰ ਲੇਬਰ ਕੋਡ ਬਿੱਲ ਰੱਦ ਕਰਵਾਉਣ ਲਈ ਰੋਸ ਮਾਰਚ ਕਰਦੇ ਹੋਏ ਤਹਿਸੀਲ ਕੰਪਲੇਕਸ ਨੰਗਲ ਵਿਖੇ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਕਾਮਰੇਡ ਸੁਖਦੇਵ ਸਿੰਘ, ਕਾਮਰੇਡ ਬਜਿਦਰ ਪੰਡਤ ਸੀ. ਪੀ. ਆਈ. ਐਮ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰਾਕੇਸ਼ ਬਾਲੀ ਕਲਸੇੜਾ, ਰਿਟਾਇਰ ਟੇਕਨੀਕਲ ਸਰਵਿਸ਼ ਯੂਨੀਅਨ ਦੇ ਆਗੂ ਕਾਮਰੇਡ ਰਾਮ ਕਿਸ਼ਨ ਦਬਖੇੜਾ, ਕਾਮਰੇਡ ਟੇਕ ਚੰਦ, ਕਾਮਰੇਡ ਤਰਸੇਮ ਸੂਖਸਾਲ, ਕਾਮਰੇਡ ਸੁਰਜੀਤ ਸਿੰਘ ਬੀ. ਬੀ. ਐਮ. ਬੀ. ਦੇ ਸੇਵਾ ਮੁਕਤ ਆਗੂ, ਕਾਮਰੇਡ ਦਵਿੰਦਰ ਨੰਗਲੀ ਸੀ. ਪੀ. ਆਈ. ਦੇ ਜ਼ਿਲ੍ਹਾ ਸਕੱਤਰ, ਤਹਿਸੀਲ ਸਕੱਤਰ ਕਾਮਰੇਡ ਮਹਿੰਗਾ ਰਾਮ, ਕਾਮਰੇਡ ਬਲਵੀਰ ਸਿੰਘ ਨੇ ਮੋਦੀ ਸਰਕਾਰ ਵਲੋਂ ਉਕਤ ਲਿਆਂਦੇ ਗਏ ਕਾਨੂੰਨ ਰੱਦ ਕਰਾਉਣ ਦੀ ਮੰਗ ਕੀਤੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਆਗੂਆ ਨੇ ਕਿਹਾ ਕਿ ਮੋਦੀ ਸਰਕਾਰ ਇਹ ਕਾਨੂੰਨ ਲਿਆ ਕੇ ਮਜ਼ਦੂਰਾਂ ਦੇ ਹਿੱਤਾਂ 'ਤੇ ਡਾਕਾ ਮਾਰਨਾ ਚਾਹੁੰਦੀ ਹੈ, ਉਨ੍ਹਾਂ ਕਿਹਾ ਕਿ ਮਗਨਰੇਗਾ ਕਾਨੂੰਨ ਤਹਿਤ ਗਰੀਬ ਪਿੰਡਾ ਦੇ ਮਜਦੂਰਾਂ ਨੂੰ 100 ਦਿਨ ਦਾ ਸਾਲ ਵਿਚ ਕੰਮ ਨਹੀਂ ਦਿੱਤਾ ਜਾ ਰਿਹਾ ਤੇ ਸਰਕਾਰ 25 ਦਿਨ ਵਧਾ ਕੇ ਉਨ੍ਹਾਂ ਨੂੰ ਗੰੁਮਰਾਹ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਬਿਜਲੀ ਬਿੱਲ 2025 ਆਉਣ ਨਾਲ ਛੋਟਾ ਵਪਾਰੀ, ਜਿਮੀਦਾਰ, ਹਰ ਗਰੀਬ ਵਰਗ ਨੂੰ ਬਹੁਤ ਨੁਕਸਾਨ ਹੋਵੇਗਾ | ਸੀਡ ਬਿੱਲ ਨਾਲ ਛੋਟੇ ਦੁਕਾਨਦਾਰ ਤੇ ਕਿਸਾਨਾਂ ਨੂੰ ਬਹੁਤ ਦਿੱਕਤਾ ਦਾ ਸਾਹਮਣਾ ਕਰਨਾ ਪਵੇਗਾ, ਇਨ੍ਹਾਂ ਬਿੱਲਾਂ ਦਾ ਸਿੱਧਾ ਸਿੱਧਾ ਫਾਇਦਾ ਕਾਰਪੋਰੇਟ ਘਰਾਣਿਆ ਨੂੰ ਹੋਵੇਗਾ | ਇਸ ਮੌਕੇ ਦਰਜਨਾਂ ਮਗਨਰੇਗਾ ਵਿਚ ਕੰਮ ਕਰਦੀਆਂ ਔਰਤਾਂ ਮਰਦ ਸ਼ਾਮਿਲ ਸਨ |