ਨੂਰਪੁਰ ਬੇਦੀ, 22 ਦਸੰਬਰ (ਵਿੰਦਰਪਾਲ ਝਾਂਡੀਆਂ)-ਕਿਰਤੀ ਕਿਸਾਨ ਮੋਰਚੇ ਦੇ ਪ੍ਰਧਾਨ ਵੀਰ ਸਿੰਘ ਬੜਵਾ ਤੇ ਹੋਰ ਕਿਸਾਨ ਆਗੂਆਂ ਨੇ ਇਕੱਤਰ ਹੋ ਕੇ ਨੂਰਪੁਰ ਬੇਦੀ ਇਲਾਕੇ 'ਚ ਕਿਸਾਨਾਂ ਨੂੰ ਯੂਰੀਆਂ ਖਾਦ ਨਾ ਮਿਲਣ 'ਤੇ ਪੰਜਾਬ ਸਰਕਾਰ ਖ਼ਿਲਾਫ਼ ਸਖ਼ਤ ਰੋਸ ਜਤਾਇਆ ਹੈ | ਉਨ੍ਹਾਂ ਨੇ ਕਿਹਾ ਸਭ ਤੋਂ ਵੱਡੀ ਦੇਣ ਪੰਜਾਬ 'ਚ ਨੈਸ਼ਨਲ ਫਰਟੀਲਾਈਜ਼ਰ ਲਿਮਟਡ ਦੇ ਦੋ ਪਲਾਟ ਬਠਿੰਡਾ ਤੇ ਨਯਾ ਨੰਗਲ 'ਚ ਸਥਿਤ ਹਨ, ਜੋ ਕਿ ਪੰਜਾਬ ਹੀ ਨਹੀਂ ਭਾਰਤ ਦੇ ਵੱਖ-ਵੱਖ ਰਾਜਾਂ ਤੱਕ ਯੂਰੀਆਂ ਖਾਦ ਪਹੁੰਚਾ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਇਲਾਕੇ ਦੇ ਕਿਸਾਨਾਂ ਨੂੰ ਯੂਰੀਆਂ ਖਾਦ ਨਹੀ ਮਿਲ ਰਹੀ, ਜਿਸ ਕਾਰਨ ਉਹ ਡਾਹਢੇ ਪ੍ਰੇਸ਼ਾਨੀ ਦੇ ਆਲਮ 'ਚ ਹਨ, ਜੋ ਉਨ੍ਹਾਂ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਬੱਬ ਬਣਿਆ ਹੋਇਆ ਕਿਉਂਕਿ ਫਸਲਾਂ ਲਈ ਖਾਦ ਨਾ ਮਿਲਣ ਕਾਰਨ ਹੋ ਰਹੇ ਨੁਕਸਾਨ ਨੂੰ ਲੈ ਕੇ ਬੇਹੱਦ ਚਿੰਤਤ ਹਨ | ਪ੍ਰਧਾਨ ਬੜਵਾ ਨੇ ਕਿਹਾ ਹੈ ਕਿ ਜਿਥੇ ਕਿਸਾਨਾਂ ਨੂੰ ਕੁਦਰਤੀ ਆਫਤਾਂ ਦੀ ਵੱਡੀ ਮਾਰ ਝੱਲਣੀ ਪੈ ਰਹੀ ਹੈ | ਉੱਥੇ ਹੀ ਸਰਕਾਰ ਦੀ ਨਕਾਮੀ ਕਾਰਨ ਸਮੇਂ ਤੇ ਖਾਦ ਨਾ ਮਿਲਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਦੂਜੇ ਪਾਸੇ ਆਏ ਦਿਨ ਫੈਕਟਰੀ ਵਲੋਂ ਵੱਧ ਰਹੇ ਪ੍ਰਦੂਸ਼ਣ ਕਾਰਨ ਜਿਥੇ ਕਿ ਹਵਾ ਜਲਵਾਯੂ ਖਰਾਬ ਹੋ ਰਹੀ ਹੈ ਉੱਥੇ ਹੀ ਪਾਣੀ ਨੂੰ ਵੀ ਖਰਾਬ ਹੋ ਰਿਹਾ ਹੈ | ਆਖਿਰ ਕਾਰ ਪੰਜਾਬ ਦੇ ਕਿਸਾਨ ਕਦੋਂ ਤੱਕ ਇਨ੍ਹਾਂ ਮੁਸੀਬਤਾਂ ਨੂੰ ਝੱਲਦੇ ਰਹਿਣਗੇ | ਉਨਾਂ ਕਿਹਾ ਹੈ ਕਿ ਜੇਕਰ ਸਮਾਂ ਰਹਿੰਦਿਆਂ ਕਿਸਾਨਾਂ ਨੂੰ ਖਾਦ ਦੀ ਸਪਲਾਈ ਨਾ ਦਿੱਤੀ ਤਾਂ ਵੱਡਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ | ਇਸ ਮੌਕੇ ਅਵਤਾਰ ਸਿੰਘ ਬੜਵਾ, ਗੁਰਦੇਵ ਸਿੰਘ ਜੱਸੇਮਾਜਰਾ, ਬਲਵੀਰ ਸਿੰਘ ਬੜਵਾ, ਅਵਤਾਰ ਸਿੰਘ ਅਸਾਲਤਪੁਰ, ਬਲਵੀਰ ਸਿੰਘ ਮੁੰਨੇ, ਮੇਜਰ ਸਿੰਘ ਅਸਮਾਨਪੁਰ, ਕੇਵਲ ਸਿੰਘ ਬਾਹਮਣ ਮਾਜਰਾ, ਅਮਰਜੀਤ ਸਿੰਘ ਬੈਂਸ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ |