ਸ੍ਰੀ ਅਨੰਦਪੁਰ ਸਾਹਿਬ, 23 ਦਸੰਬਰ (ਕਰਨੈਲ ਸਿੰਘ)-ਸਮਾਜਸੇਵੀ ਕਾਰਜਾਂ 'ਚ ਮੋਹਰੀ ਰੋਲ ਅਦਾ ਕਰ ਰਹੇ ਭਗਵੰਤ ਸਿੰਘ ਮਟੌਰ ਵਲੋਂ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਅਤੇ ਸਾਂਝੀ ਥਾਵਾਂ ਦੇ ਨਾਲ-ਨਾਲ ਸਕੂਲਾਂ 'ਚ ਸ਼ਹੀਦੀ ਹਫ਼ਤੇ ਦੀ ਦਾਸਤਾਨ ਨਾਲ ਸਬੰਧਿਤ ਫਲੈਕਸ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਜਿਸ ਦੀ ਸਮੁੱਚੇ ਇਲਾਕੇ ਦੇ ਪਤਵੰਤਿਆਂ ਵਲੋਂ ਭਾਰੀ ਪ੍ਰਸੰਸਾਂ ਕੀਤੀ ਜਾ ਰਹੀ ਹੈ | ਅੱਜ ਉਨ੍ਹਾਂ ਵਲੋਂ ਸਥਾਨਕ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਉਕਤ ਫਲੈਕਸ ਲਗਾਏ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਸੁਖਪਾਲ ਕੌਰ ਵਾਲੀਆ ਨੇ ਉਨ੍ਹਾਂ ਦੇ ਉਪਰਾਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਗਵੰਤ ਸਿੰਘ ਮਟੌਰ ਵਲੋਂ ਆਮ ਲੋਕਾਂ ਦੇ ਨਾਲ ਨਾਲ ਸਕੂਲੀ ਵਿਦਿਆਰਥੀਆਂ ਨੂੰ ਸ਼ਹੀਦੀ ਹਫਤੇ ਦੀ ਦਾਸਤਾਨ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ | ਇਹ ਨੌਜਵਾਨ ਪੀੜੀ ਨੂੰ ਆਪਣੇ ਇਤਿਹਾਸ ਨਾਲ ਜੋੜਣ ਲਈ ਫਲੈਕਸ ਲਗਾਏ ਜਾ ਰਹੇ ਹਨ | ਇਸ ਲਈ ਇਹ ਵਧਾਈ ਦੇ ਪਾਤਰ ਹਨ | ਜਿਨ੍ਹਾਂ ਨੇ ਅੱਗੇ ਆ ਕੇ ਇਹ ਮੁਹਿੰਮ ਆਰੰਭ ਕੀਤੀ ਗਏ | ਉਨ੍ਹਾਂ ਦੇ ਇਸ ਉਪਰਾਲਾ ਨਾਲ ਆਮ ਲੋਕਾਂ, ਬੱਚਿਆਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਇਸ ਹਫਤੇ ਦੌਰਾਨ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਹੋਰ ਅਨੇਕਾਂ ਸਿੱਖਾਂ ਦੀਆਂ ਹੋਈਆਂ ਲਾਸ਼ਾਨੀ ਸ਼ਹਾਦਤਾਂ ਸੰਬੰਧੀ ਜਾਣਕਾਰੀ ਮਿਲੇਗੀ ਅਤੇ ਅੱਜ ਦੀ ਨੌਜਵਾਨ ਪੀੜੀ ਇਨ੍ਹਾਂ ਮਹਾਨ ਸ਼ਹਾਦਤਾਂ ਤੋਂ ਸੇਧ ਲੈ ਆਪਣੇ ਜੀਵਨ ਮਾਰਗ ਅਪਣਾਏਗੀ | ਇਸ ਮੌਕੇ ਰਣਜੀਤ ਸਿੰਘ ਐਨ. ਸੀ.ਸੀ. ਅਫਸਰ, ਜਸਪ੍ਰੀਤ ਸਿੰਘ ਬੇਦੀੇ ਆਦਿ ਵੀ ਹਾਜ਼ਰ ਸਨ |