ਰੂਪਨਗਰ, 23 ਦਸੰਬਰ (ਸਤਨਾਮ ਸਿੰਘ ਸੱਤੀ)-ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਚ ਚੱਲ ਰਹੇ ਸੱਤ ਰੋਜ਼ਾ ਕੈਂਪ ਦੇ ਤੀਜੇ ਦਿਨ ਦੀ ਸ਼ੁਰੂਆਤ ਸਵੇਰੇ ਯੋਗ ਅਭਿਆਸ ਨਾਲ ਕੀਤੀ ਗਈ | ਇਸ ਮੌਕੇ ਮੈਡਮ ਪ੍ਰਤਿਭਾ ਦੀਕਸ਼ਤ ਵਲੋਂ ਗਾਇਤਰੀ ਮੰਤਰ ਦਾ ਉਚਾਰਨ ਕਰਵਾਇਆ, ਉਪਰੰਤ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਯੋਗ ਆਸਨ ਕਰਵਾਏ ਗਏ, ਜਿਨ੍ਹਾਂ ਨਾਲ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਤਣਾਅ ਘਟਾਉਣ 'ਤੇ ਜ਼ੋਰ ਦਿੱਤਾ ਗਿਆ | ਪ੍ਰਾਜੈਕਟ ਕਾਰਜ ਤਹਿਤ ਪ੍ਰੋਗਰਾਮ ਅਧਿਕਾਰੀ ਅਸ਼ੋਕ ਸੋਨੀ ਤੇ ਮੈਡਮ ਹੇਮ ਲਤਾ, ਮੈਡਮ ਅਮਨ ਕੌਰ, ਮੈਡਮ ਰੀਤਿਕਾ ਨੇਗੀ, ਮੈਡਮ ਰੀਤੂ ਸ਼ਰਮਾ ਤੇ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਰੈਲੋ ਰੋਡ ਤੇ ਸਕੂਲ ਦੇ ਆਲੇ-ਦੁਆਲੇ ਸਫ਼ਾਈ ਮੁਹਿੰਮ ਚਲਾਈ ਗਈ | ਸ਼ਾਮ ਦੇ ਸੈਸ਼ਨ ਦੌਰਾਨ ਐਡਵੋਕੇਟ ਸਿਮਰਤਪਾਲ ਸਿੰਘ ਵਲੋਂ ਵਿਦਿਆਰਥੀਆਂ ਨੂੰ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ ਤੇ ਸਕੂਲਾਂ ਵਿਚ ਸਥਾਪਿਤ ਕਾਨੂੰਨੀ ਸਹਾਇਤਾ ਕਲੀਨਿਕਾਂ ਅਤੇ ਜਾਗਰੂਕਤਾ ਕੈਂਪਾਂ ਰਾਹੀਂ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ | ਇਸ ਮੌਕੇ ਪ੍ਰੋਗਰਾਮ ਅਧਿਕਾਰੀ ਅਸ਼ੋਕ ਸੋਨੀ ਨੇ ਕਿਹਾ ਕਿ ਕੋਈ ਵੀ ਵਿਦਿਆਰਥੀ ਵਿੱਤੀ ਜਾਂ ਹੋਰ ਕਮਜ਼ੋਰੀਆਂ ਕਾਰਨ ਨਿਆਂ ਤੋਂ ਵੰਚਿਤ ਨਾ ਰਹੇ | ਇਹ ਕੈਂਪ ਮੁੱਖ ਤੌਰ 'ਤੇ ਬੱਚਿਆਂ ਦੇ ਅਧਿਕਾਰਾਂ, ਬਾਲ ਸੁਰੱਖਿਆ ਅਤੇ ਕਾਨੂੰਨੀ ਸਾਖਰਤਾ ਨੂੰ ਸਮਰਪਿਤ ਹੈ | ਸਕੂਲ ਦੀ ਪਿ੍ੰਸੀਪਲ ਸੰਗੀਤਾ ਰਾਣੀ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੈਂਪ ਦਾ ਤੀਜਾ ਦਿਨ ਸੱਭਿਆਚਾਰਕ ਅਤੇ ਰੰਗਾਰੰਗ ਕਾਰਜਕ੍ਰਮ ਨਾਲ ਸਮਾਪਤ ਕੀਤਾ |