ਨੂਰਪੁਰ ਬੇਦੀ, 24 ਦਸੰਬਰ (ਹਰਦੀਪ ਸਿੰਘ ਢੀਂਡਸਾ)-ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਲਈ ਵਿਸ਼ਾਲ ਨਗਰ ਕੀਰਤਨ 3 ਜਨਵਰੀ ਨੂੰ ਰਵਾਨਾ ਹੋਵੇਗਾ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਰਹਿਨੁਮਾਈ ਹੇਠ ਕੱਢੇ ਜਾ ਰਹੇ ਇਸ ਨਗਰ ਕੀਰਤਨ ਦੀ ਜਾਣਕਾਰੀ ਦਿੰਦਿਆਂ ਸੇਵਾਦਾਰ ਬਾਬਾ ਚੈਨ ਸਿੰਘ ਬਾਹਮਣਮਾਜਰਾ ਨੇ ਦੱਸਿਆ ਕਿ ਇਹ ਨਗਰ ਕੀਰਤਨ ਇਸ ਵਾਰ ਬਾਹਮਣਮਾਜਰੇ ਤੋਂ ਸ਼ੁਰੂ ਹੋ ਕੇ ਮਾਜਰਾ, ਝਾਂਡੀਆਂ, ਟਿੱਬਾ ਨੰਗਲ, ਬਾਲੇਵਾਲ, ਬਰਾਰੀ, ਬਸਾਲੀ, ਕੋਲਾਪੁਰ, ਸੰਦੋਆ, ਆਜ਼ਮਪੁਰ, ਨੂਰਪੁਰ ਬੇਦੀ, ਗੋਪਾਲਪੁਰ, ਸਿੰਘਪੁਰ, ਸਮੀਰੋਵਾਲ, ਮਾਣਕੂਮਾਜਰਾ, ਫੂਕਾਪੁਰ, ਬਾੜੀਆਂ, ਪਚਰੰਡਾ, ਝੱਜ ਚੌਂਕ ਹੁੰਦਾ ਹੋਇਆ ਵਾਇਆ ਅਗੰਮਪੁਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇਗਾ | ਬਾਬਾ ਚੈਨ ਸਿੰਘ ਨੇ ਸੰਗਤਾਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਸ਼ਰਧਾ ਭਾਵਨਾ ਨਾਲ ਇਸ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਨ | ਉਨ੍ਹਾਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਨਗਰ ਕੀਰਤਨ ਵਿਚ ਸਹਿਯੋਗ ਕਰੇ |