ਰੂਪਨਗਰ, 27 ਦਸੰਬਰ (ਸਤਨਾਮ ਸਿੰਘ ਸੱਤੀ)-ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਦੀ ਇਕ ਅਹਿਮ ਮੀਟਿੰਗ ਵਿਚ ਬੀਤੇ ਦਿਨ ਨਗਰ ਕੌਂਸਲ ਰੂਪਨਗਰ ਵਲੋਂ ਸੀਨੀਅਰ ਸਿਟੀਜ਼ਨ ਭਵਨ/ਸੱਥ ਦੀ ਉਸਾਰੀ ਲਈ ਸਰਬਸੰਮਤੀ ਨਾਲ ਪਾਸ ਕੀਤੇ ਮਤੇ 'ਤੇ ਤਸੱਲੀ ਪ੍ਰਗਟ ਕੀਤੀ ਗਈ | ਇਸ ਮੌਕੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਇਸ ਉਪਰਾਲੇ ਲਈ ਕੀਤੇ ਗਏ ਯਤਨਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਧੰਨਵਾਦ ਵੀ ਕੀਤਾ | ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਦੱਸਿਆ ਕਿ ਉਹ ਖ਼ੁਦ ਵੀ ਨਗਰ ਕੌਂਸਲ 'ਚ ਹੋਈ ਉਸ ਮੀਟਿੰਗ ਦੌਰਾਨ ਬਾਕੀ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਮੌਜੂਦ ਸਨ, ਜੋ ਨਗਰ ਕੌਂਸਲ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਹਲਕਾ ਵਿਧਾਇਕ ਦਿਨੇਸ਼ ਚੱਢਾ, ਸਮੂਹ ਕੌਂਸਲਰ ਤੇ ਸੀਨੀਅਰ ਸਿਟੀਜ਼ਨ ਕੌਂਸਲ ਦੀ ਕਾਰਜਕਾਰਨੀ ਅਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਕੌਂਸਲ ਭਵਨ/ਸੱਥ ਦੀ ਉਸਾਰੀ ਨੂੰ ਲੈ ਕੇ ਸਾਲ 2016 ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸਨ | ਵੱਖ-ਵੱਖ ਸਰਕਾਰਾਂ ਵਲੋਂ ਫ਼ੰਡ ਜਾਰੀ ਹੋਏ ਅਤੇ ਟੈਂਡਰ ਵੀ ਲੱਗੇ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਕੰਮ ਸ਼ੁਰੂ ਨਹੀਂ ਹੋ ਸਕਿਆ | ਮੌਜੂਦਾ ਸਰਕਾਰ ਵਲੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਰਨ-ਛੋਹ ਪ੍ਰਾਪਤ ਸ਼ਹਿਰਾਂ ਲਈ ਗਰਾਂਟਾਂ ਜਾਰੀ ਕੀਤੀਆਂ ਗਈਆਂ, ਜਿਸ ਤਹਿਤ ਪੰਜਾਬ ਸਰਕਾਰ ਵਲੋਂ 50 ਲੱਖ ਰੁਪਏ ਸੀਨੀਅਰ ਸਿਟੀਜ਼ਨ ਭਵਨ ਦੇ ਨਿਰਮਾਣ ਲਈ ਨਗਰ ਕੌਂਸਲ ਰੂਪਨਗਰ ਨੂੰ ਦਿੱਤੇ ਗਏ | ਮੀਟਿੰਗ ਦੌਰਾਨ ਕੁਝ ਕੌਂਸਲਰਾਂ ਵਲੋਂ ਏਜੰਡੇ 'ਤੇ ਕਿੰਤੂ-ਪ੍ਰੰਤੂ ਕੀਤੀ ਗਈ ਜਿਸ 'ਤੇ ਉਨ੍ਹਾਂ ਨਾਖ਼ੁਸ਼ ਜ਼ਾਹਿਰ ਕੀਤੀ, ਪਰ ਸੀਨੀਅਰ ਸਿਟੀਜ਼ਨ ਕੌਂਸਲ ਦੇ ਮੈਂਬਰਾਂ, ਸਲਾਹਕਾਰਾਂ ਤੇ ਕਾਨੂੰਨੀ ਸਲਾਹਕਾਰਾਂ ਦੀ ਨਿਮਰ ਅਪੀਲ ਤੋਂ ਬਾਅਦ ਹਾਊਸ ਵਲੋਂ ਸਮਝਦਾਰੀ ਦਿਖਾਉਂਦਿਆਂ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ ਸੀ | ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਉਮੀਦ ਜਤਾਈ ਕਿ ਬਣਦੀ ਯੋਗ ਕਾਰਵਾਈ ਪੂਰੀ ਕਰਕੇ ਭਵਨ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ | ਮੀਟਿੰਗ 'ਚ ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਸਮੇਤ ਸੀਨੀ: ਵਾਈਸ ਪ੍ਰਧਾਨ ਪਰਮਵੀਰ ਸਿੰਘ ਚੀਮਾ, ਜਨਰਲ ਸਕੱਤਰ ਸ੍ਰੀਮਤੀ ਪਰਮਿੰਦਰ ਕੌਰ ਪੰਦੋਹਲ, ਕਨੂੰਨੀ ਸਲਾਹਕਾਰ ਆਰ. ਐਨ. ਮੋਦਗਿਲ, ਪੈਟਰਨ ਸੁਰਜਨ ਸਿੰਘ, ਸਾਬਕਾ ਪ੍ਰਧਾਨ ਕਰਨੈਲ ਸਿੰਘ, ਜਗਨੰਦਨ ਸਿੰਘ ਰੀਹਲ, ਰਮੇਸ਼ ਚੰਦਰ ਗੋਇਲ, ਹਰਜੀਤ ਸਿੰਘ ਸੈਣੀ ਤੇ ਸ੍ਰੀਮਤੀ ਭਗਵੰਤ ਕੌਰ ਸਮੇਤ ਵੱਡੀ ਗਿਣਤੀ 'ਚ ਮੈਂਬਰ ਹਾਜ਼ਰ ਸਨ |