ਨੰਗਲ, 28 ਦਸੰਬਰ (ਪ੍ਰੀਤਮ ਸਿੰਘ ਬਰਾਰੀ)-26 ਦਸੰਬਰ ਨੂੰ ਐਨ. ਐਫ. ਐਲ. ਹਸਪਤਾਲ ਦੇ ਪਿੱਛੇ ਜੰਗਲਾਂ ਵਿਚ ਇਕ ਸਾਂਭਰ ਦੇ ਗੋਲੀ ਨਾਲ ਮਰਨ ਮਗਰੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਰੇਂਜ ਅਫ਼ਸਰ ਰਾਜਦਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਟੀਮ ਨੇ ਸਾਂਭਰ ਨੂੰ ਗੋਲੀ ਮਾਰ ਕੇ ਮਾਰਨ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਨਵਾਂ ਨੰਗਲ ਤੋਂ ਓਮ ਪ੍ਰਕਾਸ਼ ਨਾਂਅ ਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਨੇ ਸ਼ਿਕਾਰ 'ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਵੀ ਬਰਾਮਦ ਕੀਤੀਆਂ ਹਨ, ਜਿਨ੍ਹਾਂ 'ਚ ਦੋ ਵਿਸਫੋਟਕ ਸੈੱਲ, ਚਾਕੂ ਤੇ ਕੁਹਾੜੀਆਂ ਅਤੇ ਮਰੇ ਹੋਏ ਜਾਨਵਰ ਦੇ ਜਬਾੜੇ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਜਦੋਂ ਵਿਭਾਗ ਦੀ ਟੀਮ ਨੇ 26 ਦਸੰਬਰ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ ਤਾਂ ਮਾਦਾ ਸਾਂਭਰ ਮਰ ਚੁੱਕੀ ਸੀ ਤੇ ਇਸ ਦਾ ਮੂੰਹ ਵਿਸਫੋਟਕ ਸੈੱਲ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ | ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਕੀਤਾ ਗਿਆ ਹੈ ਤੇ ਪੂਰੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤਾ ਗਿਆ ਵਿਅਕਤੀ ਪਹਿਲਾਂ ਵੀ ਕਥਿਤ ਤੌਰ 'ਤੇ ਸ਼ਿਕਾਰ 'ਚ ਸ਼ਾਮਿਲ ਰਿਹਾ ਹੈ | ਅਧਿਕਾਰੀ ਨੇ ਦੱਸਿਆ ਕਿ ਗਿ੍ਫ਼ਤਾਰ ਓਮ ਪ੍ਰਕਾਸ਼ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਜੱਜ ਨੇ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ | ਇਸ ਸੰਬੰਧ 'ਚ ਗਿ੍ਫ਼ਤਾਰ ਓਮ ਪ੍ਰਕਾਸ਼ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਨੂੰ ਇਸ ਮਾਮਲੇ 'ਚ ਬੇਲੋੜਾ ਫਸਾਇਆ ਜਾ ਰਿਹਾ ਹੈ ਕਿਉਂਕਿ ਉਸਨੇ ਬਹੁਤ ਸਮਾਂ ਪਹਿਲਾਂ ਸ਼ਿਕਾਰ ਕਰਨਾ ਬੰਦ ਕਰ ਦਿੱਤਾ ਸੀ |