ਰੂਪਨਗਰ, 28 ਦਸੰਬਰ (ਸਤਨਾਮ ਸਿੰਘ ਸੱਤੀ)-ਭਾਰਤੀ ਜਨਤਾ ਪਾਰਟੀ ਵਲੋਂ ਵੀਰ ਬਾਲ ਦਿਵਸ 'ਤੇ ਗੁਰਦੁਆਰਾ ਸਾਹਿਬ ਕਲਗ਼ੀਧਰ ਕੰਨਿਆ ਪਾਠਸ਼ਾਲਾ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸ਼ਰਧਾ ਨਾਲ ਕਰਵਾਇਆ ਗਿਆ | ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ | ਇਸ ਮੌਕੇ ਭਾਜਪਾ ਕੌਮੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਪੂਰੇ ਭਾਰਤ ਦੇ ਇਤਿਹਾਸ ਦਾ ਅਮਿੱਟ ਅਧਿਆਇ ਹੈ ਅਤੇ ਨੌਜਵਾਨ ਪੀੜ੍ਹੀ ਲਈ ਹੌਸਲੇ ਤੇ ਨੈਤਿਕ ਮੁੱਲਾਂ ਦੀ ਮਹਾਨ ਪ੍ਰੇਰਣਾ ਹੈ | ਉਨ੍ਹਾਂ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਵੀਰ ਬਾਲ ਦਿਵਸ ਦੇ ਮਹੱਤਵ 'ਤੇ ਰੌਸ਼ਨੀ ਪਾਉਂਦਿਆਂ ਸਮਾਜ ਤੇ ਦੇਸ਼ ਸੇਵਾ ਲਈ ਸਦਾ ਤਿਆਰ ਰਹਿਣ ਦਾ ਸੱਦਾ ਦਿੱਤਾ ਅਤੇ ਸਮਾਗਮ ਦੀ ਸਫਲਤਾ ਲਈ ਮਨਿੰਦਰਪਾਲ ਸਿੰਘ ਸਾਹਨੀ ਦਾ ਧੰਨਵਾਦ ਕੀਤਾ | ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਹਿੰਮਤ ਸਿੰਘ ਗਿਰਨ ਨੇ ਸੰਗਤ ਦੀ ਹਾਜ਼ਰੀ ਲਈ ਧੰਨਵਾਦ ਕਰਦਿਆਂ ਗੁਰਬਾਣੀ ਦੇ ਉਪਦੇਸ਼ ਜੀਵਨ 'ਚ ਅਪਣਾਉਣ ਦੀ ਅਪੀਲ ਕੀਤੀ | ਸਮਾਗਮ ਦੇ ਅੰਤ 'ਚ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |