10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਡੇਰਾਬੱਸੀ ਪ੍ਰਸ਼ਾਸਨ ਤੇ ਬਿਜਲੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ

Ad Position 21
No active advertisement
ਅਜੀਤ ਡੈਸਕ 31-12-2025

ਡੇਰਾਬੱਸੀ, 30 ਦਸੰਬਰ (ਗੁਰਮੀਤ ਸਿੰਘ)-ਪਿੰਡ ਈਸਾਪੁਰ-ਭਾਂਖਰਪੁਰ ਸੜਕ 'ਤੇ ਪੈਂਦੀ ਇਕ ਅਣ-ਅਧਿਕਾਰਤ ਕਾਲੋਨੀ 'ਚ ਪ੍ਰਸ਼ਾਸਨਿਕ ਨਿਯਮਾਂ ਦੀਆਂ ਖੁੱਲ੍ਹ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਇਥੇ ਸ਼ਰ੍ਹੇਆਮ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਦੇ ਬਿਲਕੁੱਲ ਹੇਠ ਧੜਾਧੜ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ, ਜੋ ਕਿ ਕਿਸੇ ਵੀ ਸਮੇਂ ਵੱਡੇ ਜਾਨੀ-ਮਾਲੀ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ | ਹੈਰਾਨੀ ਦੀ ਗੱਲ ਹੈ ਕਿ ਇਹ ਉਸਾਰੀਆਂ ਨਾ ਸਿਰਫ਼ ਗ਼ੈਰਕਾਨੂੰਨੀ ਹਨ, ਸਗੋਂ ਬਹੁਤ ਖ਼ਤਰਨਾਕ ਵੀ ਹਨ | ਅਜਿਹਾ ਕੇਵਲ ਇਸ ਥਾਂ 'ਤੇ ਹੀ ਨਹੀਂ ਹੋ ਰਿਹਾ, ਬਲਕਿ ਖੇਤਰ 'ਚ ਹਜ਼ਾਰਾਂ ਥਾਵਾਂ 'ਤੇ ਅਜਿਹਾ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ | ਪਹਿਲਾਂ ਵੀ ਹਾਈਟੈਂਸ਼ਨ ਤਾਰਾਂ ਹੇਠ ਉਸਾਰੀਆਂ ਇਮਾਰਤਾਂ ਕਰਕੇ ਸੈਂਕੜੇ ਹਾਦਸੇ ਵਾਪਰ ਚੁੱਕੇ ਹਨ, ਲੇਕਿਨ ਇਹ ਸਿਲਸਿਲਾ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ | ਇਸ ਤਰ੍ਹਾਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਬਿਜਲੀ ਵਿਭਾਗ ਵਲੋਂ ਉਸਾਰੀਕਰਤਾ ਨੂੰ 1 ਲੱਖ ਰੁ. ਤੱਕ ਦਾ ਭਾਰੀ ਜੁਰਮਾਨਾ ਲਗਾਉਣ ਦੇ ਨਾਲ-ਨਾਲ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਂਦੀ ਹੈ, ਪਰ ਇਸ ਦੇ ਬਾਵਜੂਦ ਬਿਲਡਰ ਇਨ੍ਹਾਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ | ਮਾਹਿਰਾਂ ਅਨੁਸਾਰ ਹਾਈਟੈਂਸ਼ਨ ਤਾਰਾਂ ਦੇ ਨੇੜੇ ਰਹਿਣ ਨਾਲ ਕਰੰਟ ਲੱਗਣ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਅਤੇ ਅੱਗ ਲੱਗਣ ਦਾ ਖ਼ਤਰਾ ਰਹਿੰਦਾ ਹੈ |
ਡੇਰਾਬੱਸੀ ਪ੍ਰਸ਼ਾਸਨ ਦੀ ਚੁੱਪ 'ਤੇ ਖੜ੍ਹੇ ਹੋ ਰਹੇ ਸਵਾਲ
ਖੇਤਰ ਦੇ ਲੋਕਾਂ ਦਾ ਦੋਸ਼ ਹੈ ਕਿ ਇਹ ਸਭ ਪ੍ਰਸ਼ਾਸਨ ਦੀ ਨੱਕ ਹੇਠ ਹੋ ਰਿਹਾ ਹੈ ਅਤੇ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਨਗਰ ਕੌਂਸਲ, ਐੱਸ. ਡੀ. ਐੱਮ ਅਤੇ ਬਿਜਲੀ ਵਿਭਾਗ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅਜਿਹੀਆਂ ਉਸਾਰੀਆਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਜ਼ਿੰਮੇਵਾਰ ਬਿਲਡਰਾਂ, ਬਿਜਲੀ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮੰਗਤਿਆਂ ਦੀ ਭਰਮਾਰ ਤੋਂ ਦੁਕਾਨਦਾਰ ਤੇ ਗਾਹਕ ਹੋ ਰਹੇ ਪ੍ਰੇਸ਼ਾਨ ਅਗਲੀ ਖ਼ਬਰ ਧੁੰਦ ਦੇ ਮੌਸਮ ਦੇ ਚਲਦਿਆਂ ਵਾਹਨਾਂ 'ਤੇ ਲਗਾਏ ਰਿਫਲੈਕਟਰ <br/>
Ad Position 24