ਟਾਹਲੀ ਸਾਹਿਬ, 2 ਜੂਨ (ਵਿਨੋਦ ਭੀਲੋਵਾਲ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਪੰਜਾਬ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਵਿਧਾਨ ਸਭਾ ਹਲਕੇ ਸਾਹਨੇਵਾਲਾ ਜ਼ਿਲ੍ਹਾ ਲੁਧਿਆਣਾ 'ਚ ਮੁਲਾਜ਼ਮ ਜਥੇਬੰਦੀ ਵਲੋਂ 15 ਜੂਨ ਨੂੰ ਸੂਬਾ ਪੱਧਰੀ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸੰਬੰਧੀ ਬਰਾਂਚ ਤਰਸਿੱਕਾ ਦੇ ਪ੍ਰਧਾਨ ਮੁਖਤਾਰ ਸਿੰਘ ਧਰਮੂਚੱਕ ਦੀ ਪ੍ਰਧਾਨਗੀ ਹੇਠ ਮੀਟਿੰਗ ਕਸਬਾ ਟਾਹਲੀ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਸੂਬਾ ਪ੍ਰਧਾਨ ਪ੍ਰਦੂਮਣ ਸਿੰਘ, ਪ੍ਰਧਾਨ ਜਗੀਰ ਸਿੰਘ, ਜ਼ਿਲ੍ਹਾ ਜਰਨਲ ਸਕੈਟਰੀ ਸੁਖਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਿਸ਼ੇਸ਼ ਤੌਰ 'ਤੇ ਵਰਕਰ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਸੂਬਾ ਪ੍ਰਧਾਨ ਪ੍ਰਦੂਮਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲ ਸਪਲਾਈ ਆਊਟਸੋਰਸ ਕੱਚੇ ਮੁਲਾਜ਼ਮ ਪਿੰਡਾਂ ਦੀਆਂ ਸਕੀਮਾਂ ਤੇ ਦਫਤਰਾਂ 'ਚ ਪਿਛਲੇ 15-20 ਸਾਲਾਂ ਤੋਂ ਸੇਵਾਵਾਂ ਦੇ ਰਹੇ ਹਨ, ਜਿਨ੍ਹਾਂ ਨੂੰ ਸਿੱਧਾ ਵਿਭਾਗ 'ਚ ਰੈਗੂਲਰ ਨਾ ਕਰਕੇ ਪੰਜਾਬ ਸਰਕਾਰ ਤੇ ਵਿਭਾਗੀ ਮੈਨੇਜਮੈਂਟ ਕੱਚੇ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਮੰਗਾਂ ਨੂੰ ਲਾਗੂ ਕਰਵਾਉਣ ਲਈ ਕੱਚੇ ਮੁਲਾਜ਼ਮ ਸੰਘਰਸ਼ ਦਾ ਰਸਤਾ ਅਪਣਾ ਰਹੇ ਹਨ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਵਿਧਾਨ ਸਭਾ ਹਲਕੇ ਸਾਹਨੇਵਾਲਾ ਜ਼ਿਲ੍ਹਾ ਲੁਧਿਆਣਾ ਵਿਚ ਮੁਲਾਜ਼ਮ ਜਥੇਬੰਦੀ ਵਲੋਂ 15 ਜੂਨ ਨੂੰ ਸੂਬਾ ਪੱਧਰੀ ਜਬਰਦਸਤ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਵਿਚ ਕੱਚੇ ਮੁਲਾਜ਼ਮ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸ਼ਾਮਿਲ ਹੋ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨਗੇ |