ਚੋਗਾਵਾਂ/ਓਠੀਆਂ, 3 ਜੂਨ (ਗੁਰਵਿੰਦਰ ਸਿੰਘ ਕਲਸੀ, ਗੁਰਵਿੰਦਰ ਸਿੰਘ ਛੀਨਾ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਜੱਜੇ ਵਿਖੇ ਇੱਕ ਕਿਸਾਨ ਵਲੋਂ ਆੜਤੀ ਤੇ ਹੋਰਨਾਂ ਲੋਕਾਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਦੇਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਬਸੰਤ ਸਿੰਘ ਦੇ ਪੁੱਤਰ ਆਕਾਸ਼ਦੀਪ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਆੜਤੀ ਤੇ ਪਿੰਡ ਮਾਨਾਂਵਾਲਾ ਤੇ ਕੰਗਾਂ ਦੇ ਕੁਝ ਲੋਕ ਪੈਸਿਆਂ ਦੇ ਲੈਣ ਦੇਣ ਤੋਂ ਤੰਗ ਪਰੇਸ਼ਾਨ ਕਰਦੇ ਸਨ | ਅੱਜ ਉਨ੍ਹਾਂ ਦੇ ਪਿਤਾ ਨੇ ਉਕਤ ਲੋਕਾਂ ਤੋਂ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮਹੱਤਿਆ ਕਰ ਲਈ | ਇਸ ਸੰਬੰਧੀ ਮਿ੍ਤਕ ਬਸੰਤ ਸਿੰਘ ਨੇ ਜ਼ਹਿਰੀਲੀ ਦਵਾਈ ਪੀਣ ਤੋਂ ਪਹਿਲਾਂ ਵੀਡੀਓ ਬਣਾ ਕੇ ਉਸ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਆੜਤੀ ਤੇ ਹੋਰਨਾਂ ਲੋਕਾਂ ਦੇ ਨਾਮ ਨਸ਼ਰ ਕੀਤੇ ਹਨ | ਇਸ ਸੰਬੰਧੀ ਥਾਣਾ ਲੋਪੋਕੇ ਦੀ ਪੁਲਿਸ ਨੇ ਪਰਿਵਾਰ ਦੇ ਬਿਆਨ ਕਲਮ ਬੰਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |