ਚੋਗਾਵਾਂ, 3 ਜੂਨ (ਗੁਰਵਿੰਦਰ ਸਿੰਘ ਕਲਸੀ)-ਪਿੰਡ ਟਪਿਆਲਾ ਵਿਖੇ ਨਖਾਸ਼ੂ ਦੀ ਮਿੱਟੀ ਖੇਤਾ ਵਿਚ ਪਾ ਕੇ ਫਸਲ ਖ਼ਰਾਬ ਕਰਨ ਨੂੰ ਲੈ ਕੇ ਹੋਈ ਤਕਰਾਰ 'ਚ ਇਕ ਧਿਰ ਦੇ 2 ਅਤੇ ਦੂਜੀ ਧਿਰ ਦਾ ਇਕ ਵਿਅਕਤੀ ਜਖ਼ਮੀ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜੇਰੇ ਇਲਾਜ ਗੁਰਪ੍ਰੀਤ ਸਿੰਘ ਟਪਿਆਲਾ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਨ੍ਹਾਂ ਆਪਣੇ ਖੇਤਾਂ ਵਿੱਚ ਚਰੀ ਦੀ ਫਸਲ ਬੀਜੀ ਹੋਈ ਸੀ, ਜਿਸ ਫਸਲ ਨੂੰ ਪੰਮਾ ਵਾਸੀ ਚੋਗਾਵਾਂ ਵੱਲੋਂ ਜੇ. ਸੀ. ਬੀ ਨਾਲ ਨਖਾਸੂ ਦੀ ਪਟਾਈ ਕਰਦੇ ਸਮੇਂ ਖਰਾਬ ਕਰ ਰਿਹਾ ਸੀ ਜਦੋਂ ਅਸੀਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਵੱਲੋਂ 8-10 ਵਿਅਕਤੀਆਂ ਨੂੰ ਲੈ ਕੇ ਸਾਡੇ 'ਤੇ ਹਮਲਾ ਕਰ ਦਿੱਤਾ | ਪੰਮੇ ਨੇ ਕਿਰਪਾਨ ਨਾਲ ਵਾਰ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ | ਮੇਰੇ ਭਰਾ ਗੁਰਸੇਵਕ ਸਿੰਘ ਮੈਨੂੰ ਬਚਾਉਣ ਲਈ ਅੱਗੇ ਆਇਆ ਤਾਂ ਸਲਾਂਸਰ ਨਾਲ ਹਮਲਾ ਕਰਕੇ ਉਸ ਨੂੰ ਗੁੱਝੀਆਂ ਸੱਟਾਂ ਲਗਾਈਆਂ | ਗੁਰਪ੍ਰੀਤ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ | ਇਸ ਸਬੰਧੀ ਵਿਰੋਧੀ ਧਿਰ ਦੇ ਪੰਮਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਦਿਆਂ ਕਿਹਾ ਕਿ ਅਸੀਂ ਜੇਸੀਬੀ ਰਾਹੀਂ ਪਿੰਡ ਦੇ ਨਿਕਾਸੀ ਨਾਲੇ ਦੀ ਸਫ਼ਾਈ ਕਰ ਰਹੇ ਸੀ ਸਫ਼ਾਈ ਕਰਦੇ ਸਮੇਂ ਗੁਰਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ ਦੀ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਇਨਾ ਵਿਅਕਤੀਆਂ ਨੇ ਸਾਡੇ ਜੇ.ਸੀ.ਬੀ. ਡਰਾਈਵਰ ਪ੍ਰਤਾਪ ਸਿੰਘ ਨਾਲ ਕੁੱਟਮਾਰ ਕੀਤੀ ਤੇ ਉਸ ਦੀ ਬਾਂਹ ਉੱਪਰ ਦਾਤਰ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਜੇਸੀਬੀ ਦਾ ਸ਼ੀਸ਼ਾ ਤੋੜ ਦਿੱਤਾ | ਅਸੀਂ ਕਿਸੇ ਨੂੰ ਕੋਈ ਸੱਟ ਨਹੀਂ ਲਗਾਈ ਸਿਰਫ ਤੂੰ-ਤੂੰ ਮੈਂ-ਮੈਂ ਹੋਈ ਹੈ | ਇਸ ਸਬੰਧੀ ਥਾਣਾ ਲੋਪੋਕੇ ਦੇ ਹਿਮਾਸ਼ੂ ਭਗਤ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਇਸ ਸਬੰਧੀ ਦਰਖਾਸਤ ਪ੍ਰਾਪਤ ਹੋਈ | ਛਾਣਬੀਣ ਜਾਰੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ |
ਫ਼ਸਲ ਬਰਬਾਦ ਕਰਨ ਨੂੰ ਲੈ ਕੇ ਹੋਈ ਤਕਰਾਰ 'ਚ ਇਕ ਧਿਰ ਦੇ ਦੋ ਤੇ ਦੂਜੀ ਧਿਰ ਦਾ ਇਕ ਵਿਅਕਤੀ ਜ਼ਖਮੀ
ਅਜੀਤ ਡੈਸਕ
04-06-2025