ਅਜਨਾਲਾ, ਰਮਦਾਸ, ਗੱਗੋਮਾਹਲ, 4 ਸਤੰਬਰ (ਢਿੱਲੋਂ/ਵਾਹਲਾ/ਸੰਧੂ)-ਹਲਕਾ ਅਜਨਾਲਾ ਦੇ ਕਸਬਾ ਰਮਦਾਸ ਅਤੇ ਅਜਨਾਲਾ ਸਮੇਤ ਨੇੜਲੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਰਾਹਤ ਦੇ ਕੰਮਾਂ ਦੀ ਜ਼ਿੰਮੇਵਾਰੀ ਨਿਭਾਅ ਰਹੇ ਡਿਪਟੀ ਕਮਿਸ਼ਨਰ ਅੰਮਿ੍ਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਪਿੰਡ ਘੋਨੇਵਾਲ ਵਿਖੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਜਿਉਂ ਹੀ ਹੜ੍ਹ੍ਹ ਦਾ ਪਾਣੀ ਘਟ ਗਿਆ ਅਤੇ ਮੌਸਮ ਸਾਫ ਹੋ ਗਿਆ ਤਾਂ ਸਾਡੇ ਵਲੋਂ ਵਿਸ਼ੇਸ਼ ਗਿਰਦਾਵਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਮੌਕੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਸਪੁੱਤਰ ਖੁਸ਼ਪਾਲ ਸਿੰਘ ਧਾਲੀਵਾਲ ਵੀ ਉਨ੍ਹਾਂ ਦੇ ਨਾਲ ਸਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਾਫ ਮੌਸਮ ਦੀ ਭਵਿੱਖਬਾਣੀ ਹੈ ਅਤੇ ਜੇਕਰ ਮੌਸਮ ਸਾਫ ਗਿਆ ਤਾਂ ਸਾਡੇ ਪਟਵਾਰੀ ਹਰੇਕ ਪ੍ਰਭਾਵਿਤ ਘਰ ਵਿਚ ਪਹੁੰਚ ਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਅਤੇ ਇਹ ਰਿਪੋਰਟ ਪ੍ਰਾਪਤ ਹੋਣ ਉਪਰੰਤ ਸਰਕਾਰ ਨੂੰ ਭੇਜ ਕੇ ਛੇਤੀ ਤੋਂ ਛੇਤੀ ਮੁਆਵਜਾ ਰਾਸ਼ੀ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਨੇ ਦੱਸਿਆ ਕਿ ਅੰਮਿ੍ਤਸਰ ਜ਼ਿਲ੍ਹੇ ਦੇ 190 ਪਿੰਡ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ ਅਤੇ ਜਿਨ੍ਹਾਂ ਵਿਚ ਵਸਦੀ 1.35 ਲੱਖ ਦੇ ਕਰੀਬ ਵਸੋਂ ਸਿੱਧੇ ਰੂਪ ਵਿਚ ਹੜ੍ਹਾਂ ਦੀ ਲਪੇਟ ਵਿਚ ਆਈ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਸਾਡੀਆਂ ਡਾਕਟਰੀ ਟੀਮਾਂ 24 ਘੰਟੇ ਬੈਠੀਆਂ ਲੋੜਵੰਦ ਦਾ ਇਲਾਜ ਕਰ ਰਹੀਆਂ ਹਨ |