ਅਜਨਾਲਾ, 5 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਹੁਣ ਹਰਿਆਣਾ ਦੇ ਲੋਕਾਂ ਵਲੋਂ ਵੀ ਅਜਨਾਲਾ ਵੱਲ ਨੂੰ ਵਹੀਰਾਂ ਘੱਤ ਇਕ ਟਰੈਕਟਰ ਦੇ ਮਗਰ ਦੋ-ਦੋ ਟਰਾਲੀਆਂ ਪਾ ਕੇ ਹਰਿਆਣਾ ਦੇ ਸਮਾਜ ਸੇਵੀ ਲੋਕ ਵੀ ਅਜਨਾਲਾ ਖੇਤਰ ਦੇ ਲੋਕਾਂ ਨੂੰ ਜਿੱਥੇ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਵੰਡ ਰਹੇ ਹਨ, ਉੱਥੇ ਹੀ ਉਨ੍ਹਾਂ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕਣਕ ਵੀ ਵੰਡੀ ਜਾ ਰਹੀ ਹੈ | ਅੱਜ ਸਵੇਰੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਬਾਹਕੀ ਨੇੜੇ ਅਸੰਧ ਤੋਂ ਨੌਜਵਾਨ ਆਗੂ ਬੀਨੂੰ ਰਾਣਾ, ਸੰਜੇ ਸ਼ਰਮਾ, ਦੀਪਕ ਸ਼ਰਮਾ, ਮੁਕੇਸ਼ ਫ਼ੌਜੀ, ਗੌਰਵ ਰਾਣਾ, ਗੋਬਿੰਦ ਪ੍ਰਜਾਪਤ, ਸੋਨੂੰ ਸ਼ਰਮਾ, ਪ੍ਰਵੀਨ, ਸੁਨੀਲ ਤੇ ਮਿੱਠੂ ਦੀ ਅਗਵਾਈ ਵਿਚ ਟਰੈਕਟਰ ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਰਸਦਾਂ ਤੇ ਪਸ਼ੂਆਂ ਲਈ ਅਚਾਰ ਚਾਰਾ ਆਦਿ ਲੈ ਕੇ ਪੰਜਾਬ ਦੇ ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਕੋਲ ਅਜਨਾਲਾ ਪਹੁੰਚੇ | ਇਸ ਮੌਕੇ ਨੌਜਵਾਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਹੀ, ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਨੰਬਰਦਾਰ ਗੁਰਮੁਖ ਸਿੰਘ ਰਿਆੜ, ਮਾਸਟਰ ਸਰਫ਼ਰਾਜ਼ ਸਿੰਘ ਅੰਬ ਕੋਟਲੀ, ਸਰਪੰਚ ਇਕਬਾਲ ਸਿੰਘ ਰਿਆੜ, ਯੂਥ ਪ੍ਰਧਾਨ ਵਿੱਕੀ ਵੰਜਾਂਵਾਲਾ, ਗੁਰਨਾਮ ਸਿੰਘ ਕਮੀਰਪੁਰਾ, ਸ਼ੇਰ ਸਿੰਘ ਭੁੱਲਰ ਪੰਡੋਰੀ ਅਤੇ ਜਸਪਾਲ ਸਿੰਘ ਰਿਆੜ ਆਦਿ ਹਾਜ਼ਰ ਸਨ |