ਰਈਆ, 25 ਸਤੰਬਰ (ਸ਼ਰਨਬੀਰ ਸਿੰਘ ਕੰਗ)-ਬੀਤੀ ਰਾਤ ਇਥੋਂ ਨੇੜਲੇ ਪਿੰਡ ਭਲਾਈਪੁਰ ਡੋਗਰਾਂ ਵਿਖੇ ਚੋਰਾਂ ਵਲੋਂ ਵੱਡੀ ਕਾਰਵਾਈ ਕਰਦੇ ਹੋਏ ਰਾਤ ਸਮੇਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਰਘਬੀਰ ਸਿੰਘ ਦੇ ਘਰ ਵਿਚੋਂ 26 ਤੋਲੇ ਸੋਨਾ ਤੇ 23000 ਰੁਪਏ ਦੀ ਨਕਦੀ ਉਡਾ ਕੇ ਰਫੂਚੱਕਰ ਹੋਣ ਦਾ ਸਮਾਚਾਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਸੁਰਜਨ ਸਿੰਘ ਭਲਾਈਪੁਰ ਤੇ ਰਘਬੀਰ ਸਿੰਘ ਦੇ ਲੜਕੇ ਜਸਵੰਤ ਸਿੰਘ ਨੇ ਦੱਸਿਆ ਕਿ ਸਾਰਾ ਪ੍ਰੀਵਾਰ ਰਾਤ ਸਮੇਂ ਸੁੱਤਾ ਹੋਇਆ ਸੀ | ਰਘਬੀਰ ਸਿੰਘ ਰਾਤ 11 ਵਜੇ ਬਾਥਰੂਮ ਜਾਣ ਲਈ ਉਠਿਆ ਸੀ ਉਸ ਸਮੇਂ ਸਭ ਠੀਕ ਠਾਕ ਸੀ | ਇਸੇ ਦੌਰਾਨ ਜਸਵੰਤ ਸਿੰਘ ਜਦ ਸਵੇਰੇ ਚਾਰ ਵਜੇ ਪਾਠ ਕਰਨ ਲਈ ਉਠਿਆ ਤਾਂ ਉਸ ਨੇ ਦੇਖਿਆ ਕਿ ਘਰ ਦੀਆਂ ਅਲਮਾਰੀਆਂ ਟੁੱਟੀਆਂ ਹੋਈਆਂ ਸਨ ਤੇ ਸਾਮਾਨ ਖਿਲਰਿਆ ਪਿਆ ਸੀ | ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਚੋਰਾਂ ਨੇ 11 ਵਜੇ ਤੋਂ 4 ਵਜੇ ਦਰਮਿਆਨ ਵਾਰਦਾਤ ਨੂੰ ਅੰਜਾਮ ਦਿੱਤਾ | ਉਨ੍ਹਾਂ ਵਲੋਂ ਜਾਂਚ ਕਰਨ ਤੇ ਪਤਾ ਲੱਗਾ ਕਿ ਚੋਰ ਉਪ੍ਰੋਕਤ ਸਾਮਾਨ ਚੋਰੀ ਕਰਕੇ ਲੈ ਗਏ ਸਨ | ਇਸ ਦੀ ਸੂਚਨਾ ਥਾਣਾ ਵੈਰੋਵਾਲ ਦੀ ਪੁਲੀਸ ਨੂੰ ਦੇ ਦਿੱਤੀ ਗਈ ਹੈ | ਉਨ੍ਹਾਂ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਜ਼ਾਹਿਰ ਕੀਤਾ ਹੈ |