ਜੰਡਿਆਲਾ ਗੁਰੂ, 25 ਸਤੰਬਰ (ਹਰਜਿੰਦਰ ਸਿੰਘ ਕਲੇਰ)-ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿਚ ਅੱਜ ਆਪਣਾ ਪੰਜਾਬ ਫਾਊਾਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਸੱਦੇ 'ਤੇ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਵਿਸ਼ਵ ਪੰਜਾਬੀ ਦਿਵਸ ਦੇ ਰੂਪ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਪੰਜਾਬੀ ਅਧਿਆਪਕਾ ਸ਼੍ਰੀਮਤੀ ਮਨਦੀਪ ਕੌਰ ਨੇ ਬਾਬਾ ਫ਼ਰੀਦ ਜੀ ਦੇ ਜੀਵਨ 'ਤੇ ਚਾਨਣਾ ਪਾ ਕੇ ਕੀਤੀ | ਇਸ ਤੋਂ ਬਾਅਦ ਦਸਵੀਂ ਜਮਾਤ ਦੀ ਵਿਦਿਆਰਥਣ ਮਨਰੋਜ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ | ਦਸਵੀਂ ਜਮਾਤ ਦੀ ਤਰਨਦੀਪ ਕੌਰ ਅਤੇ ਗਿਆਰ੍ਹਵੀਂ ਜਮਾਤ ਦੀ ਮਹਿਕਦੀਪ ਕੌਰ ਨੇ ਭਾਸ਼ਣ ਅਤੇ ਕਵਿਤਾ ਰਾਹੀਂ ਬਾਬਾ ਫ਼ਰੀਦ ਜੀ ਦੀ ਬਾਣੀ ਨਾਲ ਸੰਬੰਧਿਤ ਸੁਨੇਹੇ ਸਾਂਝੇ ਕੀਤੇ | ਸਕੂਲ ਦੇ ਵਿਦਿਆਰਥੀਆਂ ਵਲੋਂ ਲੋਕ-ਗੀਤ ਪੇਸ਼ ਕੀਤਾ ਗਿਆ ਅਤੇ ਪੰਜਾਬੀ ਪਹਿਰਾਵੇ ਵਿਚ ਮਾਂ-ਬੋਲੀ ਨਾਲ ਜੁੜੇ ਨਾਅਰੇ ਲਗਾ ਕੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ | ਇਸ ਮੌਕੇ ਪੰਜਾਬੀ ਅਧਿਆਪਕਾ ਮਿਸ. ਪਰਮਿੰਦਰ ਕੌਰ ਨੇ ਕਿਹਾ ਕਿ ਮਾਂ-ਬੋਲੀ ਸਾਡੇ ਸਭ ਤੋਂ ਵੱਡੇ ਸੰਸਕਾਰ, ਸਾਂਝ ਅਤੇ ਪਹਿਚਾਣ ਦਾ ਸਰੋਤ ਹੈ | ਉਨ੍ਹਾਂ ਨੇ ਸਮਾਗਮ ਦਾ ਸੰਪੂਰਨ ਕਰਦਿਆਂ ਕਿਹਾ ਕਿ ਜਿਵੇਂ ਮਾਂ ਦਾ ਦਰਜਾ ਕਿਸੇ ਹੋਰ ਔਰਤ ਨੂੰ ਨਹੀਂ ਮਿਲ ਸਕਦਾ, ਉਸੇ ਤਰ੍ਹਾਂ ਕਿਸੇ ਹੋਰ ਭਾਸ਼ਾ ਨੂੰ ਮਾਂ-ਬੋਲੀ ਦੀ ਥਾਂ ਨਹੀਂ ਦਿੱਤੀ ਜਾ ਸਕਦੀ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪਿ੍ੰਸੀਪਲ ਡਾ. ਅਮਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਹਮੇਸ਼ਾਂ ਆਪਣੀ ਮਾਤ ਭਾਸ਼ਾ ਅਤੇ ਸੰਸਕਿ੍ਤੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਤੇ ਬਾਬਾ ਫ਼ਰੀਦ ਜੀ ਦੀ ਬਾਣੀ ਤੋਂ ਸਿੱਖ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ੍ਰੀਮਤੀ ਸ਼ਿਲਪਾ ਸ਼ਰਮਾ, ਸ੍ਰੀਮਤੀ ਨੀਲਾਕਸ਼ੀ ਗੁਪਤਾ, ਸਟਾਫ਼ ਅਤੇ ਸਮੂਹ ਵਿਦਿਆਰਥੀ ਮੌਜੂਦ ਸਨ |
ਸੇਂਟ ਸੋਲਜ਼ਰ ਸਕੂਲ ਵਿਚ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਮਨਾਇਆ <br/>
ਸੇਂਟ ਸੋਲਜਰ ਸਕੂਲ 'ਚ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਮਨਾਉਂਦੇ ਹੋਏ ਡਾ. ਮੰਗਲ ਸਿੰਘ ਕਿਸ਼ਨਪੁਰੀ, ਡਾ. ਅਮਰਪ੍ਰੀਤ ਕੌਰ, ਸਟਾਫ ਮੈਂਬਰ ਤੇ ਹੋਰ | ਤਸਵੀਰ : ਹਰਜਿੰਦਰ ਸਿੰਘ ਕਲੇਰ<br/>
26-09-2025