ਬਾਬਾ ਬਕਾਲਾ ਸਾਹਿਬ, 23 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਅਧੀਨ ਆਉਂਦੇ ਬੁਤਾਲਾ ਤੋਂ ਸੇਰੋਂ ਸੰਪਰਕ ਸੜਕ, ਜੋ ਕਿ ਦਰਜਨ ਤੋਂ ਵੱਧ ਪਿੰਡਾਂ ਨੂੰ ਜੋੜਦੀ ਹੈ, ਉਹ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ | ਹਾਲਾਤ ਏਨੇ ਮੰਦੇ ਹੋ ਚੁੱਕੇ ਹਨ ਕਿ ਕਰੀਬ 4 ਕਿੱਲੋਮੀਟਰ ਦੀ ਸੜਕ, ਚੰਗੇ ਖਾਸੇ ਕੱਚੇ ਪਹੇ ਦਾ ਰੂਪ ਧਾਰਨ ਕਰ ਚੁੱਕੀ ਹੈ | ਇਸ ਰਾਤ ਤੋਂ ਗੁਜਰਨ ਵਾਲੇ ਰਾਹਗੀਰ ਅਤੇ ਸਕੂਲੀ ਬੱਚੇ ਘੱਟੇ-ਮਿੱਟੀ ਤੋਂ ਡਾਹਢੇ ਪ੍ਰੇਸ਼ਾਨ ਹਨ ਅਤੇ ਅਕਸਰ ਹਾਦਸੇ ਵਾਰਪਦੇ ਹਨ | ਦੁਖੀ ਹੋਏ ਲੋਕਾਂ ਨੇ ਅੱਜ ਇਸ ਰਸਤੇ ਤੋਂ ਗੁਜਰਨ ਵਾਲੇ ਟਿੱਪਰਾਂ ਨੂੰ ਰੋਕਿਆ ਅਤੇ ਰੋਸ ਵਜੋਂ ਧਰਨਾ ਲਾਇਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਬਖਸ਼ੀ ਠਾਣੇਵਾਲ ਨੇ ਦੱਸਿਆ ਕਿ ਸਾਡੀ ਕਿਸੇ ਟਿੱਪਰ ਮਾਲਕਾਂ ਨਾਲ ਕੋਈ ਰੰਜਿਸ਼ ਨਹੀਂ ਹੈ, ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਦੇ ਨੁਮਾਇੰਦੇ ਖੁਦ ਆ ਕੇ ਦੇਖਣ ਕਿ ਇਸ ਸੜਕ ਉਪਰੋਂ ਲੰਘਣਾ ਰਾਹਗੀਰਾਂ ਲਈ ਵਾਜਿਬ ਹੈ ਜਾਂ ਨਹੀਂ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ ਜਿਨ੍ਹਾਂ ਵਿਚ ਕਈ ਰਾਹਗੀਰ ਆਪਣੀਆਂ ਜਾਨਾਂ ਗਵਾ ਚੁੱਕੇ ਹਨ, ਜਿਸ ਕਾਰਨ ਸਾਨੂੰ ਮਜਬੂਰ ਹੋ ਕੇ ਅੱਜ ਧਰਨਾ ਲਾਉਣਾ ਪਿਆ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਇਹ ਸੜਕ ਬਣਾਈ ਨਹੀਂ ਜਾਂਦੀ, ਓਨਾ ਚਿਰ ਤੱਕ ਸੰਘਰਸ਼ ਜਾਰੀ ਰਹੇਗਾ | ਉੱਥੇ ਹੀ ਧਰਨੇ ਬਾਰੇ ਜਾਣਕਾਰੀ ਮਿਲਦਿਆਂ ਮੌਕੇ 'ਤੇ ਪਹੁੰਚੇ ਥਾਣਾ ਬਿਆਸ ਮੁਖੀ ਸ: ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਸੜਕ ਦੀ ਹਾਲਤ ਸੰਬੰਧੀ, ਸਾਰਾ ਮਸਲਾ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਜਾਵੇਗਾ | ਥਾਣਾ ਮੁਖੀ ਵਲੋਂ ਦਿੱਤੇ ਗਏ ਭਰੋਸੇ ਮਗਰੋਂ ਧਰਨਾਕਾਰੀਆਂ ਵਲੋਂ ਧਰਨਾ ਚੁੱਕ ਲਿਆ ਗਿਆ | ਉਧਰ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਅਤੇ ਮਸਲੇ ਦਾ ਹੱਲ ਹੋਣ ਤੱਕ ਟਿੱਪਰ ਨਹੀਂ ਚੱਲਣ ਦਿੱਤੇ ਜਾਣਗੇ | ਇਸ ਮੌਕੇ ਬਾਬਾ ਦਇਆ ਸਿੰਘ ਅਮਾਨਤਸਰ, ਸਰਬਜੀਤ ਸਿੰਘ ਖਾਨਪੁਰ ਹਲਕਾ ਇੰਚਾਰਜ ਵਾਰਿਸ ਪੰਜਾਬ, ਦੀਪ ਸਿੰਘ ਛਾਪਿਆਂਵਾਲੀ, ਜਸਵੰਤ ਕੈਨੇਡਾ, ਨੀਤ ਖਾਨਪੁਰ, ਜਰਮਨ ਠਾਣੇਵਾਲ, ਜਰਨਲ ਠਾਣੇਵਾਲ ਮਨ ਚਾਹਲ, ਗੋਪੀ ਬਾਠ, ਨਿਰਭੈ ਸਿੰਘ ਸਾ: ਸਰਪੰਚ ਭੈਣੀ ਰਾਮ ਦਿਆਲ, ਦਿਲਬਾਗ ਸਿੰਘ ਮੈਂਬਰ ਪੰਚਾਇਤ, ਸੋਨੂੰ ਆਧੀ, ਅਤੇ ਕਿਸਾਨ ਆਗੂ ਮੌਜੂਦ ਸਨ |