ਬਾਬਾ ਬਕਾਲਾ ਸਾਹਿਬ- ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਇਕ ਅਹਿਮ ਅਸਥਾਨ ਹੈ, ਜਿੱਥੇ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ, 9 ਮਹੀਨੇ, 13 ਦਿਨ ਘੋਰ ਤਪੱਸਿਆ ਕੀਤੀ | ਗੁਰੂ ਤੇਗ ਬਹਾਦਰ ਜੀ, ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਪੁੱਤਰ ਸਨ | ਇਤਿਹਾਸ ਦੱਸਦਾ ਹੈ ਕਿ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਦੋਂ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੱਚਖੰਡ ਪਿਆਨਾ ਕਰਨ ਦਾ ਸਮਾਂ ਨੇੜੇ ਜਾਣਿਆ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ 'ਬੇਟਾ ਤੁਸੀਂ ਆਪਣੇ ਆਪਣੇ ਨਾਨਕੇ ਪਿੰਡ ਬਕਾਲੇ ਚਲੇ ਜਾਣਾ, ਗੁਰਗੱਦੀ ਆਪਣੇ ਆਪ ਹੀ ਤੁਹਾਡੇ ਪਿੱਛੇ ਆ ਜਾਵੇਗੀ |' ਪਿਤਾ ਜੀ ਦਾ ਹੁਕਮ ਸੱਤ ਮੰਨ ਕੇ ਗੁਰੂ ਤੇਗ ਬਹਾਦਰ ਜੀ, ਮਾਤਾ ਨਾਨਕੀ ਜੀ ਅਤੇ ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ ਲੈ ਕੇ ਬਕਾਲੇ ਪਿੰਡ ਪਹੁੰਚ ਗਏ | ਇੱਥੇ ਆ ਕੇ ਤੇਗ ਬਹਾਦਰ ਜੀ ਨੇ ਭੋਰੇ ਵਿਚ ਬੈਠਕੇ ਤਪੱਸਿਆ ਆਰੰਭ ਕਰ ਦਿੱਤੀ | ਉਧਰ ਦਿੱਲੀ ਵਿਚ ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਕਿ੍ਸ਼ਨ ਜੀ ਨੇ ਸੱਚਖੰਡ ਪਿਆਨਾ ਕਰਨ ਦੀ ਤਿਆਰੀ ਕੀਤੀ, ਤਾਂ ਸੰਗਤਾਂ ਨੇ ਗਲ 'ਚ ਪੱਲੇ ਪਾ ਕੇ ਪੁੱਛਿਆ ਕਿ ਗੁਰੂ ਜੀ ਸਾਨੂੰ ਹੁਣ ਕਿਸਦੇ ਲੜ ਲਾ ਚੱਲੇ ਹੋ ਤਾਂ ਗੁਰੂ ਹਰਿਕਿਸ਼੍ਰਨ ਸਾਹਿਬ ਜੀ ਨੇ ਹੱਥ ਵਿਚ ਨਾਰੀਅਲ ਲੈ ਕੇ ਪੰਜਾਬ ਵੱਲ ਰੁਖ ਕਰਕੇ ਤਿੰਨ ਵਾਰੀ ਗੋਲਾਕਾਰ ਬਾਂਹ ਘੁਮਾ ਕੇ ਕਿਹਾ ਕਿ 'ਬਾਬਾ ਵਸੈ ਗ੍ਰਾਮ ਬਕਾਲੇ | ਬਲ ਗੁਰ ਸੰਗਤ ਆਪ ਸੰਭਾਲੇ |' ਗੁਰੂ ਹਰਿਕਿਸ਼੍ਰਨ ਜੀ ਦੇ ਅਕਾਲ ਚਲਾਣੇ ਪਿੱਛੋਂ 22 ਝੂਠੇ ਗੁਰੂ ਬਣ, ਮੰਜੀਆਂ ਡਾਹਕੇ, ਜਿਨ੍ਹਾਂ 'ਚ ਧੀਰ ਮਲੀਏ, ਰਾਮ ਰਾਈਏ ਅਤੇ ਸ਼ੀਹੇਂ ਮਸੰਦ ਵਰਗੇ ਭੇਖੀ ਗੁਰੂ ਸਨ, ਬਕਾਲੇ ਪਿੰਡ ਬੈਠ ਗਏ ਅਤੇ ਭੋਲੀ-ਭਾਲੀ ਸੰਗਤ ਨੂੰ ਦੋਹੇਂ ਹੱਥੀਂ ਲੁੱਟਣ ਲੱਗੇ | ਉਧਰ ਮੱਖਣ ਸ਼ਾਹ ਨਾਂਅ ਦੇ ਇਕ ਵਪਾਰੀ ਦਾ ਜਹਾਜ ਸਮੁੰਦਰ ਵਿਚ ਡੱਕੇ-ਡੋਲੇ ਖਾਣ ਲੱਗ ਪਿਆ, ਤਾਂ ਮੱਖਣ ਸ਼ਾਹ ਨੇ ਬੜੇ ਦੇਵੀ-ਦੇਵਤਿਆਂ, ਪੀਰਾਂ ਫਕੀਰਾਂ ਦੀ ਅਰਾਧਨਾ ਕੀਤਾ, ਪਰ ਕੋਈ ਨਾ ਬਹੁੜਿਆ ਤਾਂ ਕਿਸੇ ਸਿੱਖ ਦੇ ਕਹਿਣ 'ਤੇ ਮੱਖਣ ਸ਼ਾਹ ਨੇ ਆਖਰ ਗਲ ਵਿਚ ਪੱਲਾ ਪਾ ਕੇ ਗੁਰੂ ਨਾਨਕ ਦੇ ਦਰ ਅਰਦਾਸ ਕੀਤੀ ਕਿ 'ਹੇ ਪਾਤਸ਼ਾਹ! ਜੇਕਰ ਮੇਰਾ ਬੇੜਾ ਡੁਬੱਦ ਬੰਨੇ ਲਾ ਦਿਉ ਤਾਂ ਮੈਂ ਆਪਦੇ ਪੰਜ ਸੌ ਮੋਹਰਾਂ ਭੇਟ ਚੜ੍ਹਾਵਾਂਗਾ |' ਮੱਖਣ ਸ਼ਾਹ ਦੀ ਅਰਦਾਸ ਗੁਰੂ ਨਾਨਕ ਦੇ ਘਰ ਪ੍ਰਵਾਨ ਹੋਈ, ਬੇੜਾ ਬੰਨ੍ਹੇ ਲੱਗ ਗਿਆ ਤਾਂ ਮੱਖਣ ਸ਼ਾਹ ਸੁੱਖੀ ਸਾਂਦੀ ਘਰ ਪਹੁੰਚਣ ਉਪਰੰਤ ਆਪਣੀ ਸੁੱਖਣਾ ਲਾਹੁਣ ਲਈ ਬਕਾਲੇ ਪਿੰਡ ਪੱੁਜਾ, ਤਾਂ ਕੀ ਦੇਖਦਾ ਹੈ ਕਿ ਇੱਥੇ 22 ਝੂਠੇ ਗੁਰੂ ਮੰਜੀਆਂ ਡਾਹਕੇ ਬੈਠੇ ਹਨ | ਮੱਖਣ ਸ਼ਾਹ ਭੰਬਲਭੂਸੇ ਵਿਚ ਪੈ ਗਿਆ, ਪਰ ਵਪਾਰੀ ਪੁੱਤ ਸੀ, ਤਰਕੀਬ ਲੜਾਈ ਅਤੇ ਸਭ ਅੱਗੇ 5-5 ਮੋਹਰਾਂ ਰੱਖਕੇ ਮੱਥਾ ਟੇਕੀ ਗਿਆ ਕਿ ਜਿਸ ਨੇ ਵੀ ਮੇਰਾ ਬੇੜਾ ਬੰਨ੍ਹੇ ਲਾਇਆ ਹੋਵੇਗਾ, ਉਹ ਆਪੇ ਹੀ ਅਸਲ ਭੇਟਾ ਮੰਗ ਲਵੇਗਾ ਪਰ ਕਿਸੇ ਨੇ ਵੀ ਇੰਝ ਨਾ ਕੀਤਾ | ਤਾਂ ਫਿਰ ਕਿਸੇ ਦੱਸਿਆ ਕਿ ਇੱਥੇ ਇਕ ਹੋਰ ਗੁਰੂ ਵੀ ਹੈ, ਜੋ ਭੋਰੇ ਵਿਚ ਰਹਿੰਦਾ ਹੈ ਅਤੇ ਜੋ ਬਾਹਰ ਘੱਟ ਨਿਕਲਦਾ ਹੈ ਤਾਂ ਮੱਖਣ ਸ਼ਾਹ ਨੇ ਮਾਤਾ ਨਾਨਕੀ ਜੀ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਹੈ | ਜਦੋਂ ਮੱਖਣ ਸ਼ਾਹ ਨੇ ਗੁਰੂ ਸਾਹਿਬ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕੀਤੇ ਤਾਂ ਮਨ ਨੂੰ ਧਰਵਾਸ ਬੱਝੀ, ਤਾਂ ਮੱਖਣ ਸ਼ਾਹ ਨੇ ਪੰਜ ਮੋਹਰਾਂ ਰੱਖਕੇ ਜਦੋਂ ਸੀਸ ਝੁਕਾਇਆ ਤਾਂ ਗੁਰੂ ਸਾਹਿਬ ਨੇ ਆਪਣਾ ਜ਼ਖ਼ਮੀਂ ਮੋਢਾ ਦਿਖਾਇਆ ਅਤੇ ਕਹਿਣ ਲੱਗੇ, 'ਮੱਖਣ ਸ਼ਾਹ ਪੰਜ ਸੌ ਸੁੱਖ ਕੇ ਪੰਜ ਚੜ੍ਹਾ ਰਿਹਾ ਏਾ |' ਤਾਂ ਇਹ ਸੁਣਕੇ ਮੱਖਣ ਸ਼ਾਹ ਗਦ ਗਦ ਹੋ ਉਠਿਆ | ਮੱਖਣ ਸ਼ਾਹ ਨੇ ਕੋਠੇ ਚੜ੍ਹ ਕੇ ਰੌਲਾ ਪਾ ਦਿੱਤਾ 'ਸਾਚਾ ਗੁਰੂ ਲਾਧੋ ਰੇ' 'ਸਾਚਾ ਗੁਰੂ ਲਾਧੋ ਰੇ' | ਤੇ ਇਸ ਤਰ੍ਹਾਂ ਗੁਰੂ ਸਾਹਿਬ ਇਸ ਅਸਥਾਨ 'ਤੇ ਪ੍ਰਗਟ ਹੋਏ | ਝੂਠੇ ਗੁਰੂ ਭੱਜ ਨਿਕਲੇ ਤਾਂ ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਦਾ ਤਿਲਕ ਲਾਇਆ | ਜਿਸ ਥਾਂ ਗੁਰੂ ਸਾਹਿਬ ਨੇ 26 ਸਾਲ, 9 ਮਹੀਨੇ 13 ਦਿਨ ਤਪ ਕੀਤਾ, ਉਸ ਥਾਂ 'ਤੇ ਸੁੰਦਰ 9 ਮੰਜਿਲਾ ਸ੍ਰੀ ਭੋਰਾ ਸਾਹਿਬ ਸੁਸ਼ੋਭਿਤ ਹੈ, ਜਿਸ ਥਾਂ ਗੁਰੂ ਸਾਹਿਬ ਨੂੰ ਤਿਲਕ ਲਗਾਇਆ, ਉਸ ਥਾਂ 'ਤੇ ਸ੍ਰੀ ਦਰਬਾਰ ਸਾਹਿਬ ਅਤੇ ਜਿਸ ਥਾਂ 'ਤੇ ਗੁਰੂ ਸਾਹਿਬ ਨੇ ਦੀਵਾਨ ਸਜਾਇਆ ਅਤੇ ਸ਼ੀਹੇਂ ਮਸੰਦ ਨੇ ਉਨ੍ਹਾਂ ਤੇ ਗੋਲੀ ਦਾ ਵਾਰ ਕੀਤਾ, ਉਸ ਥਾਂ 'ਤੇ ਸ੍ਰੀ ਮੰਜੀ ਸਾਹਿਬ ਸੁਸ਼ੋਭਿਤ ਹੈ | ਇਸ ਤੋਂ ਇਲਾਵਾ ਜਿਸ ਥਾਂ 'ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੀ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਸ੍ਰੀਮਾਤਾ ਗੰਗਾ ਜੀ ਨੇ ਪ੍ਰਲੋਕ ਗਮਨ ਕੀਤਾ ਸੀ, ਉਸ ਥਾਂ 'ਤੇ ਸ਼ੀਸ਼ ਮਹੱਲ ਸਾਹਿਬ ਆਦਿ ਵੀ ਦਰਸ਼ਨ ਕਰਨਯੋਗ ਅਸਥਾਨ ਹਨ, ਜਿਨ੍ਹਾਂ ਸਭ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਅਧੀਨ ਹੈ | ਅੱਜ 24 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਤਪ ਅਸਥਾਨ ਸ੍ਰੀ ਭੋਰਾ ਸਾਹਿਬ, ਬਾਬਾ ਬਕਾਲਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਕਿ ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਹੁੰਦਾ ਹੋਇਆ ਵਾਪਸ ਇਸੇ ਅਸਥਾਨ 'ਤੇ ਸਮਾਪਤ ਹੋਵੇਗਾ | ਜਦਕਿ 25 ਨਵੰਬਰ ਨੂੰ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਰੀ ਧਾਰਮਿਕ ਦੀਵਾਨ ਸਜਾਏ ਜਾਣਗੇ | -ਸ਼ੇਲਿੰਦਰਜੀਤ ਸਿੰਘ ਰਾਜਨ