ਮਜੀਠਾ, 5 ਦਸੰਬਰ (ਮਨਿੰਦਰ ਸਿੰਘ ਸੋਖੀ)- ਜ਼ਿਲ੍ਹਾ ਪ੍ਰੀਸ਼ਦ ਅੰਮਿ੍ਤਸਰ ਅਤੇ ਬਲਾਕ ਸੰਮਤੀ ਜ਼ੋਨ ਮਜੀਠਾ ਅਤੇ ਮਜੀਠਾ 2 ਤੋਂ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਵੱਡੀ ਜਿੱਤ ਦਰਜ ਕਰਵਾ ਕੇ ਨਵਾਂ ਇਤਿਹਾਸ ਸਿਰਜਣਗੇ ਅਤੇ ਵਿਰੋਧੀਆਂ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਮਜੀਠਾ ਦੇ ਸਰਪ੍ਰਸਤ ਅਨੂਪ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜਸਵੰਤ ਸਿੰਘ ਪੰਨੂੰ ਦੇ ਹੱਕ ਵਿਚ ਪਿੰਡ ਗਾਲੋਵਾਲੀ ਵਿਖੇ ਰੱਖੀ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਇਕੱਤਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੀਟਿੰਗ ਵਿਚ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਕੱਠ ਨੂੰ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਸਾਰੀਆਂ ਰਵਾਇਤੀ ਪਾਰਟੀਆਂ ਨੇ ਹਲਕਾ ਮਜੀਠਾ ਵਿਚ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਰਕਾਰ ਨੇ ਸੂਬੇ ਭਰ ਵਿਚ ਵਿਕਾਸ ਦੇ ਰਿਕਾਰਡ ਤੋੜ ਕੰਮ ਕਰਵਾਏ ਹਨ | ਹਲਕਾ ਮਜੀਠਾ ਵਾਸਤੇ ਵੀ ਉਨ੍ਹਾਂ ਵਲੋਂ ਮੰਗੀਆਂ ਗਈਆਂ ਗਰਾਂਟਾਂ ਦੇ ਖੁੱਲੇ ਗੱਫੇ ਦੇ ਕੇ ਹਲਕਾ ਵਾਸੀਆਂ ਨੂੰ ਨਿਵਾਜਿਆ ਹੈ ਅਤੇ ਉਨ੍ਹਾਂ ਵਲੋਂ ਹਲਕੇ ਅੰਦਰ ਬਿਨਾਂ ਪੱਖਪਾਤ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ | ਜਿਸ ਦੀ ਬਦੌਲਤ ਹਲਕਾ ਵਾਸੀ ਆਮ ਆਦਮੀ ਪਾਰਟੀ ਨੂੰ ਪਿਆਰ ਦੇ ਰਹੇ ਹਨ | ਗਿੱਲ ਨੇ ਕਿਹਾ ਜ਼ਿਲ੍ਹਾ ਪ੍ਰੀਸ਼ਦ ਅੰਮਿ੍ਤਸਰ ਵਾਸਤੇ ਚਾਰ ਜ਼ੋਨਾਂ ਵਿਚ ਆਮ ਆਦਮੀ ਪਾਰਟੀ ਵਲੋਂ ਖੜੇ ਕੀਤੇ ਗਏ ਸਾਰੇ ਉਮੀਦਵਾਰ ਤੇ ਬਲਾਕ ਸੰਮਤੀ ਵਾਸਤੇ ਖੜ੍ਹੇ ਸਾਰੇ ਉਮੀਦਵਾਰ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਉਨ੍ਹਾਂ ਵਲੋਂ ਹਲਕੇ ਅੰਦਰ ਕਰਾਏ ਵਿਕਾਸ 'ਤੇ ਮੋਹਰ ਲਗਾਉਣਗੇ | ਗਿੱਲ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜਸਵੰਤ ਸਿੰਘ ਪੰਨੂੰ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ | ਇਸ ਮੌਕੇ ਤਲਬੀਰ ਸਿੰਘ ਗਿੱਲ ਦੇ ਨਾਲ ਹਰਭੁਪਿੰਦਰ ਸਿੰਘ ਸ਼ਾਹ ਮਜੀਠਾ, ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਸਵੰਤ ਸਿੰਘ ਪੰਨੂੰ, ਅਨੂਪ ਸਿੰਘ ਸੰਧੂ, ਸੁਖਚੈਨ ਸਿੰਘ ਭੋਮਾ ਸਾਬਕਾ ਸਰਪੰਚ, ਸੁੱਖ ਭੰਗਵਾਂ, ਸਵਿੰਦਰ ਸਿੰਘ ਲਾਲੀ ਮਜੀਠਾ, ਬਲਬੀਰ ਸਿੰਘ ਧਰਮਪੁਰਾ, ਹਰਜਿੰਦਰ ਸਿੰਘ ਜੇਠੂਨੰਗਲ, ਹਰਜਿੰਦਰ ਸਿੰਘ ਗਾਲੋਵਾਲੀ, ਸਵਿੰਦਰ ਸਿੰਘ ਸਾਬਕਾ ਸਰਪੰਚ ਜੇਠੂਨੰਗਲ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ |