ਮਜੀਠਾ, 5 ਦਸੰਬਰ (ਜਗਤਾਰ ਸਿੰਘ ਸਹਿਮੀ)- ਕਿਸਾਨ ਮਜ਼ਦੂਰ ਮੋਰਚੇ ਵਲੋਂ ਦਿੱਤੇ ਗਏ 'ਰੇਲ ਰੋਕੋ' ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਮਜੀਠਾ ਰੇਲਵੇ ਸਟੇਸ਼ਨ ਨੇੜੇ ਰੇਲਵੇ ਟਰੈਕ 'ਤੇ ਧਰਨਾ ਲਗਾ ਕੇ ਰੇਲ ਗੱਡੀਆਂ ਦੀ ਆਵਾਜਾਈ ਠੱਪ ਕਰ ਦਿੱਤੀ | ਇਹ ਧਰਨਾ ਸ਼ਾਂਤਮਈ ਢੰਗ ਨਾਲ ਚੱਲਿਆ ਪਰ ਕਿਸਾਨਾਂ ਨੇ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਜਥੇਬੰਦੀ ਦੇ ਕਨਵੀਨਰ ਸਵਿੰਦਰਪਾਲ ਮੋਲਵਾਲੀ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਵਿਧੇ ਸਮੇਂ ਅਨੁਸਾਰ ਟਰੈਕ 'ਤੇ ਇਕੱਠੇ ਹੋ ਗਏ | ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਘਰਸ਼ ਮੁੱਖ ਤੌਰ 'ਤੇ ਪੰਜਾਬ ਵਿਚ ਲਗਾਏ ਜਾ ਰਹੇ ਪ੍ਰੀ-ਪੇਡ ਸਮਾਰਟ ਬਿਜਲੀ ਮੀਟਰ ਹਟਾ ਕੇ ਪੁਰਾਣੇ ਮੀਟਰ ਮੁੜ ਲਗਾਉਣ, ਬਿਜਲੀ (ਸੋਧ) ਬਿੱਲ-2025 ਦੇ ਖਰੜੇ ਨੂੰ ਪੂਰੀ ਤਰ੍ਹਾਂ ਰੱਦ ਕਰਨ, ਜਨਤਕ ਜਾਇਦਾਦਾ ਨੂੰ ਨਿੱਜੀ ਕੰਪਨੀਆਂ ਨੂੰ ਵੇਚਣ ਦੀ ਨੀਤੀ ਦੇ ਵਿਰੋਧ ਵਿਚ ਤੇ ਹੋਰ ਜਨਵਿਰੋਧੀ ਨੀਤੀਆਂ ਖਿਲਾਫ਼ ਚੱਲ ਰਿਹਾ ਹੈ | ਸ. ਮੋਲਵਾਲੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, 'ਸਰਕਾਰ ਜੇ ਮੰਗਾਂ ਨਹੀਂ ਮੰਨਦੀ ਤਾਂ ਅਸੀਂ ਸੰਘਰਸ਼ ਦੀ ਰਫ਼ਤਾਰ ਹੋਰ ਤੇਜ਼ ਕਰਾਂਗੇ | ਅਗਲੇ ਪੜਾਅ ਦੀ ਪੂਰੀ ਜ਼ਿੰਮੇਵਾਰੀ ਕੇਂਦਰ ਤੇ ਪੰਜਾਬ ਸਰਕਾਰ ਦੀ ਹੋਵੇਗੀ |' ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਨੇ ਪਹਿਲਾਂ ਵੀ 13 ਮਹੀਨੇ ਦਿੱਲੀ ਬਾਰਡਰ 'ਤੇ ਸੰਘਰਸ਼ ਕੀਤਾ ਸੀ ਤੇ ਜੇ ਲੋੜ ਕੇ ਲੋੜ ਪਈ ਤਾਂ ਵੱਡਾ ਅੰਦੋਲਨ ਖੜ੍ਹਾ ਕਰਨ ਤੋਂ ਪਿੱਛੇ ਨਹੀਂ ਹਟਣਗੇ | ਧਰਨੇ ਵਿਚ ਸੁੰਦਰਪਾਲ ਮਲੋਵਾਲੀ, ਰਾਮ ਸਿੰਘ ਲੁਭਾਇਆ, ਜੋਗਿੰਦਰ ਸਿੰਘ ਸੋਹੀਆ, ਗੁਰਮੀਤ ਸਿੰਘ, ਸਵਿੰਦਰਪਾਲ ਮਲੋਵਾਲੀ ਨਾਲ ਆਗੂ ਰਾਮ ਲੁਭਾਇਆ, ਜੋਗਿੰਦਰ ਸਿੰਘ ਸੋਹੀਆਂ, ਗੁਰਮੀਤ ਸਿੰਘ, ਦਲਜੀਤ ਸਿੰਘ, ਦਿਲਬਾਗ ਸਿੰਘ, ਜਸਬੀਰ ਸਿੰਘ, ਗੁਰਚਰਨ ਸਿੰਘ, ਰਵੇਲ ਸਿੰਘ ਗੋਸਲ, ਲਖਵਿੰਦਰ ਸਿੰਘ ਮੱਜੂਪੁਰਾ, ਜਰਨੈਲ ਸਿੰਘ ਸੋਹੀਆਂ ਕਲਾ, ਦਲਬੀਰ ਸਿੰਘ ਸ਼ਾਮਨਗਰ, ਗੁਰਨਾਮ ਸਿੰਘ ਡੱਡੀਆਂ, ਸੁਭਾਸ਼ ਫਤਿਹਗੜ੍ਹ ਚੂੜੀਆਂ ਤੇ ਹੋਰ ਬਹੁਤ ਸਾਰੇ ਆਗੂ ਅਤੇ ਮੈਂਬਰ ਹਾਜ਼ਰ ਸਨ |